ਪਾਕਿ : ਮੁਸ਼ੱਰਫ ਵਿਰੁੱਧ ਅਗਲੇ ਹਫਤੇ ਸ਼ੁਰੂ ਹੋਵੇਗਾ ਦੇਸ਼ਧ੍ਰੋਹ ਦਾ ਮੁਕੱਦਮਾ

Sunday, Jul 29, 2018 - 05:23 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਵਿਰੁੱਧ ਕੱਲ ਤੋਂ ਦੁਬਾਰਾ ਦੇਸ਼ਧ੍ਰੋਹ ਦੇ ਮੁਕੱਦਮੇ ਦੀ ਸੁਣਵਾਈ ਕਰੇਗੀ। ਮੀਡੀਆ ਖਬਰਾਂ ਮੁਤਾਬਕ ਇਹ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ (ਪੀ.ਟੀ.ਆਈ.) ਲਈ ਵੀ ਵੱਡੀ ਪ੍ਰੀਖਿਆ ਹੋਵੇਗੀ, ਜਿਸ ਦੇ ਜਲਦੀ ਹੀ ਸਰਕਾਰ ਬਨਾਉਣ ਦੀ ਉਮੀਦ ਹੈ। ਲਾਹੌਰ ਹਾਈ ਕੋਰਟ (ਐੱਲ.ਐੱਚ.ਸੀ.) ਦੇ ਪ੍ਰਮੁੱਖ ਜੱਜ ਯਾਵਰ ਅਲੀ ਤਿੰਨ ਜੱਜਾਂ ਵਾਲੇ ਟ੍ਰਿਬਿਊਨਲ ਦੀ ਪ੍ਰਧਾਨਗੀ ਕਰ ਰਹੇ ਹਨ। ਉਹ 31 ਜੁਲਾਈ ਤੋਂ 2 ਅਗਸਤ ਦੇ ਵਿਚਕਾਰ ਇਸਲਾਮਾਬਾਦ ਦਾ ਦੌਰਾ ਕਰਨਗੇ। ਇਕ ਅੰਗਰੇਜ਼ੀ ਅਖਬਾਰ ਨੇ ਕਿਹਾ ਕਿ ਉਨ੍ਹਾਂ ਦੇ ਇਸ ਦੌਰੇ ਦਾ ਉਦੇਸ਼ ਸਾਬਕਾ ਰਾਸ਼ਟਰਪਤੀ ਵਿਰੁੱਧ ਦਰਜ ਦੇਸ਼ਧ੍ਰੋਹ ਦੇ ਮਾਮਲੇ ਦੀ ਸੁਣਵਾਈ ਕਰਨਾ ਹੈ। 
ਇਹ ਮਾਮਲਾ ਸਾਲ 2013 ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਸੱਤਾ ਵਿਚ ਆਉਣ ਦੇ ਤੁਰੰਤ ਬਾਅਦ ਦਰਜ ਕੀਤਾ ਗਿਆ ਸੀ। ਮੁਸ਼ੱਰਫ 'ਤੇ 3 ਨਵੰਬਰ 2007 ਨੂੰ ਐਮਰਜੈਂਸੀ ਲਗਾਉਣ ਦੇ ਮਾਮਲੇ ਵਿਚ ਕਥਿਤ ਭੂਮਿਕਾ ਲਈ ਮਾਮਲਾ ਦਰਜ ਕੀਤਾ ਗਿਆ ਸੀ। ਇਸਤਾਗਾਸਾ ਪੱਖ ਨੂੰ ਹਾਲਾਂਕਿ ਹੁਣ ਵੀ  ਮਾਮਲੇ ਦੇ ਮੁਕੱਰਰ ਹੋਣ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਇਸ ਮਾਮਲੇ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਵੀ ਸੂਚੀਬੱਧ ਕੀਤਾ ਗਿਆ ਸੀ ਪਰ ਐੱਲ.ਐੱਚ.ਸੀ. ਦੇ ਸਰਵ ਉੱਚ ਜੱਜ ਦੇ ਵਿਦੇਸ਼ ਦੌਰੇ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਅਖਬਾਰ ਨੇ ਕਿਹਾ,''ਅਸੀਂ ਇਹ ਵੀ ਸੁਣ ਰਹੇ ਹਾਂ ਕਿ ਮਾਮਲੇ ਨੂੰ ਅਗਲੇ ਹਫਤੇ ਲਈ ਤੈਅ ਕੀਤਾ ਗਿਆ ਹੈ। ਇਸ ਗਤੀਵਿਧੀ ਦੇ ਬਾਰੇ ਵਿਚ ਮੁਸ਼ੱਰਫ ਦੀ ਕਾਨੂੰਨੀ ਟੀਮ ਦੇ ਇਕ ਮੈਂਬਰ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ।'' 
ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੇਸ਼ਧ੍ਰੋਹ ਦਾ ਮੁਕੱਦਮਾ ਜਾਂ ਪੀ.ਐੱਮ.ਐੱਲ.-ਐੱਨ. ਸਰਕਾਰ ਵੱਲੋਂ ਨਿਯੁਕਤ ਵਕੀਲ ਅਕਰਮ ਸ਼ੇਖ ਨੂੰ ਕਾਇਮ ਰੱਖਦੀ ਹੈ ਜਾਂ ਨਹੀਂ। ਅਖਬਾਰ ਨੇ ਕਿਹਾ ਕਿ ਪੀ.ਐੱਮ.ਐੱਲ.-ਐੱਨ. ਸਰਕਾਰ ਦੇ ਕਰੀਬੀ ਮੰਨੇ ਜਾਣ ਵਾਲੇ ਸ਼ੇਖ ਸ਼ਾਇਦ ਖੁਦ ਹੀ ਇਸ ਮਾਮਲੇ ਤੋਂ ਵੱਖ ਹੋ ਜਾਣ। ਕਾਨੂੰਨੀ ਮਾਹਰਾਂ ਦਾ ਮੰਨਣਾ ਹੈ ਕਿ ਦੇਸ਼ਧ੍ਰੋਹ ਦਾ ਮਾਮਲਾ ਨਵੀਂ ਸਰਕਾਰ ਲਈ ਇਕ ਪ੍ਰੀਖਿਆ ਦੀ ਤਰ੍ਹਾਂ ਹੋਵੇਗਾ ਕਿਉਂਕਿ ਨਾਗਰਿਕ ਅਤੇ ਮਿਲਟਰੀ ਖਿੱਚੋਤਾਨ ਦਾ ਇਕ ਕਾਰਨ ਇਹ ਸੀ ਕਿ ਪੀ.ਐੱਮ.ਐੱਲ.-ਐੱਨ. ਸਰਕਾਰ ਨੇ ਇਕ ਸਾਬਕਾ ਮਿਲਟਰੀ ਮੁਖੀ ਵਿਰੁੱਧ ਮੁਕੱਦਮੇ ਦੀ ਕਾਰਵਾਈ ਕੀਤੀ ਸੀ। ਨਵੰਬਰ 2007 ਵਿਚ ਇਮਰਾਨ ਖਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਮੁਸ਼ੱਰਫ ਦੇ ਇਸ ਗੈਰ ਸੰਵਿਧਾਨਿਕ ਕਦਮ ਵਿਰੁੱਧ ਕਾਰਵਾਈ ਕਰੇਗੀ। ਹਾਲਾਂਕਿ ਹਾਲ ਵਿਚ ਹੀ ਉਨ੍ਹਾਂ ਦੀ ਪਾਰਟੀ ਇਸ ਮੁੱਦੇ 'ਤੇ ਚੁੱਪ ਰਹੀ।


Related News