ਪਾਕਿਸਤਾਨ ''ਚ ਅਹਿਮਦੀਆ ਭਾਈਚਾਰੇ ਦੇ ਵਿਅਕਤੀ ਦਾ ਉਸ ਦੀ ਆਸਥਾ ਕਾਰਨ ਕਤਲ
Wednesday, May 18, 2022 - 02:06 PM (IST)
ਲਾਹੌਰ (ਏਜੰਸੀ)- ਪਾਕਿਸਤਾਨ ਵਿਚ ਇਕ ‘ਕੱਟੜਪੰਥੀ’ ਨੇ ਘੱਟ ਗਿਣਤੀ ਅਹਿਮਦੀਆ ਭਾਈਚਾਰੇ ਨਾਲ ਸਬੰਧਤ 35 ਸਾਲਾ ਵਿਅਕਤੀ ਦਾ ਉਸ ਦੀ ਆਸਥਾ ਕਾਰਨ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਦੇਸ਼ ਦੇ ਪੰਜਾਬ ਸੂਬੇ ਦੀ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਦੀ ਸੰਸਦ ਨੇ ਸਾਲ 1974 ਵਿੱਚ ਅਹਿਮਦੀਆ ਭਾਈਚਾਰੇ ਨੂੰ ਗੈਰ-ਮੁਸਲਿਮ ਘੋਸ਼ਿਤ ਕੀਤਾ ਸੀ। ਇਕ ਦਹਾਕੇ ਬਾਅਦ ਉਨ੍ਹਾਂ 'ਤੇ ਖ਼ੁਦ ਨੂੰ ਮੁਸਲਮਾਨ ਦੱਸਣ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਉਨ੍ਹਾਂ 'ਤੇ ਉਪਦੇਸ਼ ਦੇਣ ਅਤੇ ਸਾਊਦੀ ਅਰਬ ਦੀ ਧਾਰਮਿਕ ਯਾਤਰਾ ਕਰਨ 'ਤੇ ਵੀ ਪਾਬੰਦੀ ਹੈ। ਤਾਜ਼ਾ ਘਟਨਾ ਮੰਗਲਵਾਰ ਨੂੰ ਓਕਾਰਾ ਜ਼ਿਲ੍ਹੇ 'ਚ ਵਾਪਰੀ, ਜੋ ਇੱਥੋਂ ਕਰੀਬ 130 ਕਿਲੋਮੀਟਰ ਦੂਰ ਹੈ। ਸੀਨੀਅਰ ਪੁਲਸ ਅਧਿਕਾਰੀ ਮੁਹੰਮਦ ਸਿੱਦੀਕੀ ਨੇ ਪੀਟੀਆਈ ਨੂੰ ਦੱਸਿਆ ਕਿ ਘੱਟ ਗਿਣਤੀ ਅਹਿਮਦੀਆ ਭਾਈਚਾਰੇ ਦੇ ਮੈਂਬਰ ਅਬਦੁਲ ਸਲਾਮ ਦਾ 'ਧਾਰਮਿਕ ਕੱਟੜਪੰਥੀ' ਹਾਫੀਜ਼ ਅਲੀ ਰਜ਼ਾ ਨੇ ਉਸ ਦੀ ਆਸਥਾ ਕਾਰਨ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਅਧਿਕਾਰੀ ਨੇ ਕਿਹਾ, 'ਜਦੋਂ ਸਲਾਮ ਆਪਣੇ ਖੇਤ ਤੋਂ ਵਾਪਸ ਆ ਰਿਹਾ ਸੀ, ਰਜ਼ਾ ਨੇ ਉਸ 'ਤੇ ਚਾਕੂ ਨਾਲ ਹਮਲਾ ਕੀਤਾ। ਸਲਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦੇ ਸਰੀਰ 'ਤੇ ਚਾਕੂ ਦੇ ਕਈ ਜ਼ਖਮਾਂ ਦੇ ਨਿਸ਼ਾਨ ਹਨ। ਰਜ਼ਾ ਧਾਰਮਿਕ ਨਾਅਰੇ ਲਗਾਉਂਦੇ ਹੋਏ ਮੌਕੇ ਤੋਂ ਭੱਜ ਗਿਆ।' ਸ਼ੱਕੀ ਖ਼ਿਲਾਫ਼ ਕਤਲ ਅਤੇ ਅੱਤਵਾਦ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਕਥਿਤ ਕਾਤਲ ਇੱਕ ਮਦਰੱਸੇ ਦਾ ਵਿਦਿਆਰਥੀ ਹੈ ਅਤੇ ਉਸ ਕੋਲ ਸਲਾਮ ਦਾ ਉਸ ਦੀ ਆਸਥਾ ਕਾਰਨ ਕਤਲ ਕਰਨ ਤੋਂ ਇਲਾਵਾ ਹੋਰ ਕੋਈ ਕਾਰਨ ਨਹੀਂ ਹੈ। ਸਲਾਮ ਦੇ ਚਾਚਾ ਜ਼ਫਰ ਇਕਬਾਲ ਨੇ ਪੁਲਸ ਨੂੰ ਦੱਸਿਆ ਕਿ ਰਜ਼ਾ ਨੇ ਉਨ੍ਹਾਂ ਭਤੀਜੇ ਦਾ ਅਹਿਮਦੀਆਂ ਖਿਲਾਫ ਧਾਰਮਿਕ ਨਫਰਤ ਕਾਰਨ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਤੀਜੇ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਇਕਬਾਲ ਨੇ ਕਿਹਾ ਕਿ ਰਜ਼ਾ ਇਸਲਾਮਿਕ ਕੱਟੜਪੰਥੀ ਪਾਰਟੀ ਤਹਿਰੀਕ-ਏ-ਲਬੈਇਕ ਪਾਕਿਸਤਾਨ (ਟੀ.ਐੱਲ.ਪੀ.) ਦਾ ਮੈਂਬਰ ਹੈ, ਜੋ ਇਲਾਕੇ ਵਿਚ ਧਾਰਮਿਕ ਨਫ਼ਰਤ ਨੂੰ ਵਧਾਵਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਓਕਾਰਾ ਜ਼ਿਲ੍ਹੇ ਵਿੱਚ ਰਹਿ ਰਹੇ ਅਹਿਮਦੀਆ ਪਰਿਵਾਰਾਂ ਵਿੱਚ ਅਸੁਰੱਖਿਆ ਦੀ ਭਾਵਨਾ ਹੈ।