ਡੀ ਚੌਕ ਜਾਂ ਪਰੇਡ ਗ੍ਰਾਊਂਡ ''ਚ ਹੋਵੇ ਪੀ.ਐੱਮ. ਦਾ ਸਹੁੰ ਚੁੱਕ ਪ੍ਰੋਗਰਾਮ : ਇਮਰਾਨ ਖਾਨ

Monday, Jul 30, 2018 - 01:20 PM (IST)

ਇਸਲਾਮਾਬਾਦ (ਬਿਊਰੋ)— ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਨੇ ਐਲਾਨ ਕੀਤਾ ਹੈ ਕਿ 14 ਅਗਸਤ ਤੋਂ ਪਹਿਲਾਂ ਇਮਰਾਨ ਖਾਨ ਪੀ.ਐੱਮ. ਅਹੁਦੇ ਦੀ ਸਹੁੰ ਚੁੱਕਣਗੇ। ਹੁਣ ਇਮਰਾਨ ਖਾਨ ਨੇ ਜਨਤਾ ਵਿਚਕਾਰ ਪੀ.ਐੱਮ. ਅਹੁਦੇ ਦੀ ਸਹੁੰ ਚੁੱਕਣ ਦੀ ਇੱਛਾ ਜ਼ਾਹਰ ਕੀਤੀ ਹੈ। ਉੱਧਰ ਇਮਰਾਨ ਖਾਨ ਦੇ ਨਾਲ ਪਾਰਟੀ ਦੇ ਕੋਰ ਮੈਂਬਰਾਂ ਨੇ ਵੀ ਕਿਸੇ ਜਨਤਕ ਜਗ੍ਹਾ 'ਤੇ ਸਹੁੰ ਚੁੱਕ ਸਮਾਗਮ ਆਯੋਜਿਤ ਕਰਨ ਦੇ ਪ੍ਰਸਤਾਵ 'ਤੇ ਜ਼ੋਰ ਦਿੱਤਾ ਹੈ। 
ਸੂਤਰਾਂ ਮੁਤਾਬਕ ਹੁਣ ਤੱਕ ਡੀ ਚੌਕ ਅਤੇ ਪਰੇਡ ਗ੍ਰਾਊਂਡ ਸਮਾਰੋਹ ਲਈ ਦੱਸੀਆਂ ਗਈਆਂ ਥਾਵਾਂ ਵਿਚੋਂ ਪ੍ਰਮੁੱਖ ਹਨ। ਗੌਰਤਲਬ ਹੈ ਕਿ ਪਾਕਿਸਤਾਨ ਵਿਚ ਪੀ.ਐੱਮ. ਦਾ ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ ਵਿਚ ਖਤਮ ਹੁੰਦਾ ਹੈ। ਇਸ ਸਮਾਰੋਹ ਵਿਚ ਰਾਸ਼ਟਰਪਤੀ ਚੁਣੇ ਗਏ ਪੀ.ਐੱਮ. ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਦਵਾਉਂਦਾ ਹੈ। ਪੀ.ਟੀ.ਆਈ. ਪ੍ਰਮੁੱਖ ਇਮਰਾਨ ਖਾਨ ਨਵੀਂ ਮਿਸਾਲ ਕਾਇਮ ਕਰਨ ਦੇ ਚਾਹਵਾਨ ਹਨ।
ਇੱਥੇ ਦੱਸਣਯੋਗ ਹੈ ਕਿ 25 ਜੁਲਾਈ ਨੂੰ ਹੋਈਆਂ ਕੌਮੀ ਅਸੈਂਬਲੀ ਦੀਆਂ ਚੋਣਾਂ ਵਿਚ ਪਾਕਿਸਤਾਨ ਤਹਿਕੀਕ-ਏ-ਇਨਸਾਫ (ਪੀ.ਟੀ.ਆਈ.) ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਚੋਣਾਂ ਦੇ ਨਤੀਜਿਆਂ ਮੁਤਾਬਕ ਪਾਰਟੀ ਨੂੰ 116 ਸੀਟਾਂ 'ਤੇ ਜਿੱਤ ਮਿਲੀ ਹੈ। ਸਰਕਾਰ ਬਨਾਉਣ ਲਈ ਪਾਰਟੀ ਨੂੰ ਹੋਰ 21 ਸੀਟਾਂ ਦੀ ਲੋੜ ਹੈ।


Related News