ਇਮਰਾਨ ਖਾਨ ਨੇ ਦਾਵੋਸ ਯਾਤਰਾ ਨੂੰ ਦੱਸਿਆ ਸਭ ਤੋਂ ਸਸਤਾ ਸਰਕਾਰੀ ਦੌਰਾ
Monday, Jan 27, 2020 - 11:23 AM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਾਲ ਹੀ ਵਿਚ ਆਯੋਜਿਤ ਵਿਸ਼ਵ ਆਰਥਿਕ ਮੰਚ (WEF) ਵਿਚ ਆਪਣੀ ਹਿੱਸੇਦਾਰੀ ਨੂੰ ਸਭ ਤੋਂ ਸਸਤਾ ਸਰਕਾਰੀ ਦੌਰਾ ਕਰਾਰ ਦਿੱਤਾ। ਇਮਰਾਨ ਨੇ ਕਿਹਾ ਕਿ ਉਹਨਾਂ ਦੀ ਇਸ ਯਾਤਰਾ ਨੂੰ 2 ਦੋਸਤਾਂ ਤੇ ਮਸ਼ਹੂਰ ਕਾਰੋਬਾਰੀਆਂ ਇਕਰਾਮ ਸਹਿਗਲ ਅਤੇ ਇਮਰਾਨ ਚੌਧਰੀ ਨੇ ਪ੍ਰਾਯੋਜਿਤ ਕੀਤਾ ਸੀ। ਡਾਨ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ 'Breakfast at Davos' ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਇਮਰਾਨ ਨੇ ਕਿਹਾ ਕਿ ਉਹਨਾਂ ਦੇ ਦੌਰੇ ਦਾ ਖਰਚ ਪਹਿਲਾਂ ਗਏ ਨੇਤਾਵਾਂ ਦੀ ਤੁਲਨਾ ਵਿਚ 10 ਗੁਣਾ ਘੱਟ ਹੈ।
ਇਵੈਂਟ ਨੂੰ ਪਾਥਫਾਈਂਡਰ ਗਰੁੱਪ ਅਤੇ ਮਾਰਟਿਨ ਡੋ ਗਰੁੱਪ ਨੇ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਸੀ। ਇਮਰਾਨ ਖਾਨ ਨੇ ਕਿਹਾ ਕਿ ਪਿਛਲੇ ਸਾਲ ਨਵੰਬਰ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਉਹਨਾਂ ਦੀ ਯਾਤਰਾ ਦਾ ਖਰਚ 160,000 ਡਾਲਰ ਆਇਆ ਸੀ।ਜੋਕਿ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ 14 ਲੱਖ ਡਾਲਰ, ਸਾਬਕਾ ਪ੍ਰਧਾਨ ਮੰਤਰੀਆਂ ਨਵਾਜ਼ ਸ਼ਰੀਫ ਦੇ 13 ਲੱਖ ਡਾਲਰ ਅਤੇ ਸ਼ਾਹਿਦ ਖਕਾਨ ਅੱਬਾਸੀ ਦੇ 800,000 ਡਾਲਰ ਦੀਆਂ ਯਾਤਰਾਵਾਂ ਨਾਲੋਂ ਸਸਤਾ ਸੀ।
ਸਹਿਗਲ ਇਕ ਰਿਟਾਇਰਡ ਮਿਲਟਰੀ ਅਧਿਕਾਰੀ ਹਨ ਅਤੇ ਪਾਥਫਾਈਂਡਰ ਸਮੂਹ ਦੇ ਪ੍ਰਧਾਨ ਹਨ। ਇਮਰਾਨ ਖਾਨ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਮੈਨੂੰ ਇੱਥੇ ਲਿਆਉਣ ਵਿਚ ਸਹਿਗਲ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਨਹੀਂ ਤਾਂ ਮੈਂ ਆਪਣੀ ਸਰਕਾਰ 'ਤੇ ਦੋ ਰਾਤਾਂ ਲਈ 450,000 ਡਾਲਰ ਦਾ ਭੁਗਤਾਨ ਕਰਨ ਦਾ ਬੋਝ ਨਹੀਂ ਪਾਇਆ ਹੁੰਦਾ। ਇਮਰਾਨ ਨੇ ਕਿਹਾ ਕਿ ਸਰਕਾਰ ਨੂੰ ਵਿਦੇਸ਼ਾਂ ਵਿਚ ਰਹਿ ਰਹੇ 90 ਲੱਖ ਤੋਂ ਵੱਧ ਪਾਕਿਸਤਾਨੀਆਂ 'ਤੇ ਭਰੋਸਾ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਮੇਰੀ ਰਾਏ ਵਿਚ ਉਹਨਾਂ 90 ਲੱਖ ਵਿਦੇਸ਼ੀ ਪਾਕਿਸਤਾਨੀ ਲੋਕਾਂ ਦੀ ਜੀ.ਡੀ.ਪੀ. 200 ਮਿਲੀਅਨ ਲੋਕਾਂ ਦੀ ਪਾਕਿਸਤਾਨ ਵਿਚ ਜੀ.ਡੀ.ਪੀ. ਦਾ ਲੱਗਭਗ 50 ਫੀਸਦੀ ਹੈ। ਇਸ ਲਈ ਅਸੀਂ ਇਹਨਾਂ ਸਰੋਤਾਂ ਦੀ ਵਰਤੋਂ ਕਰ ਸਕਦੇ ਹਾਂ ਅਤੇ ਉਹ ਇਹਨਾਂ ਚੀਜ਼ਾਂ ਨੂੰ ਪ੍ਰਾਯੋਜਿਤ ਕਰ ਸਕਦੇ ਹਨ।