ਇਮਰਾਨ ਦੇ ਅਸਤੀਫੇ ਦੀ ਸਮੇਂ ਸੀਮਾ ਖਤਮ, ਬੁਲਾਈ ਗਈ ਸਰਬ ਪਾਰਟੀ ਬੈਠਕ
Monday, Nov 04, 2019 - 12:42 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਧਾਰਮਿਕ ਗੁਰੂ ਅਤੇ ਨੇਤਾ ਮੌਲਾਨਾ ਫਜ਼ਲੁਰ ਰਹਿਮਾਨ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਸਤੀਫੇ ਲਈ ਆਪਣੇ ਵੱਲੋਂ ਤੈਅ ਕੀਤੀ ਗਈ ਸਮੇਂ ਸੀਮਾ ਖਤਮ ਹੋਣ ਦੇ ਬਾਅਦ ਭਵਿੱਖ ਦੀ ਕਾਰਵਾਈ 'ਤੇ ਚਰਚਾ ਕਰਨ ਲਈ ਸੋਮਵਾਰ ਨੂੰ ਇਕ ਸਰਬ ਪਾਰਟੀ ਬੈਠਕ ਬੁਲਾਈ ਹੈ। ਦੇਸ਼ ਦੀ ਰਾਜਧਾਨੀ ਵਿਚ ਹਜ਼ਾਰਾਂ ਸਮਰਥਕਾਂ ਦੀ ਮੌਜੂਦਗੀ ਵਾਲੇ ਆਜ਼ਾਦੀ ਮਾਰਚ ਦੀ ਅਗਵਾਈ ਕਰ ਰਹੇ ਜਮੀਅਤ ਉਲੇਮਾ ਏ ਇਸਲਾਮ ਫਜ਼ਲ (ਜੇ.ਯੂ.ਆਈ.-ਐੱਫ.) ਦੇ ਨੇਤਾ ਨੇ ਕਿਹਾ,''ਪ੍ਰਧਾਨ ਮੰਤਰੀ ਨੂੰ ਗਦੀਓਂ ਲਾਹੁਣ ਦਾ ਅੰਦੋਲਨ ਅੱਗੇ ਵੱਧਦਾ ਰਹੇਗਾ, ਇਸ ਨੂੰ ਵਾਪਸ ਨਹੀਂ ਲਿਆ ਜਾਵੇਗਾ।'' ਰਹਿਮਾਨ ਨੇ ਕਿਹਾ ਕਿ ਜਦੋਂ ਤੱਕ ਇਮਰਾਨ ਅਸਤੀਫਾ ਨਹੀਂ ਦਿੰਦੇ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ।
ਇਕ ਅੰਗਰੇਜ਼ੀ ਅਖਬਾਰ ਨੇ ਖਬਰ ਦਿੱਤੀ ਕਿ ਜੇ.ਯੂ.ਆਈ.-ਐੱਫ. ਨੇ ਭਵਿੱਖ ਦੀ ਕਾਰਵਾਈ ਨੂੰ ਲੈ ਕੇ ਵਿਰੋਧੀ ਪਾਰਟੀ ਦੇ ਨੇਤਾਵਾਂ ਨਾਲ ਚਰਚਾ ਕਰਨ ਲਈ ਇਕ ਸਰਬ ਪਾਰਟੀ ਬੈਠਕ ਬੁਲਾਈ ਹੈ। ਰਹਿਮਾਨ ਦੇ ਇਸ ਵਿਆਪਕ ਵਿਰੋਧ ਪ੍ਰਦਰਸ਼ਨ ਨੂੰ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.), ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.), ਪਖਤੂਨਖਵਾ ਮਿਲੀ ਆਵਾਮੀ ਪਾਰਟੀ, ਕੌਮੀ ਵਤਨ ਪਾਰਟੀ, ਨੈਸ਼ਨਲ ਪਾਰਟੀ ਅਤੇ ਆਵਾਮੀ ਨੈਸ਼ਨਲ ਪਾਰਟੀ ਦਾ ਸਮਰਥਨ ਹਾਸਲ ਹੈ। ਭਾਵੇਂਕਿ ਅਖਬਾਰ ਨੇ ਖਬਰ ਦਿੱਤੀ ਕਿ ਪੀ.ਪੀ.ਪੀ. ਪ੍ਰਮੁੱਖ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਪੀ.ਐੱਮ.ਐੱਲ.-ਐੱਨ. ਪ੍ਰਮੁੱਖ ਸ਼ਹਿਬਾਜ਼ ਸ਼ਰੀਫ ਦੇ ਸਰਬ ਪਾਰਟੀ ਬੈਠਕ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ।
ਖਬਰ ਵਿਚ ਸਬੰਧਤ ਪਾਰਟੀ ਨੇਤਾਵਾਂ ਦੇ ਹਵਾਲੇ ਨਾਲ ਕਿਹਾ ਗਿਆ,''ਜ਼ਿਆਦਾ ਸੰਭਾਵਨਾ ਹੈ ਕਿ ਪਾਰਟੀਆਂ ਦੇ ਪ੍ਰਮੁੱਖ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਸ਼ਹਿਬਾਜ਼ ਇੰਨੇ ਘੱਟ ਸਮੇਂ ਦੇ ਨੋਟਿਸ 'ਤੇ ਇਸਲਾਮਾਬਾਦ ਵਿਚ ਬੈਠਕ ਵਿਚ ਸ਼ਾਮਲ ਨਾ ਹੋ ਪਾਉਣ।'' ਉੱਧਰ ਪੀ.ਐੱਮ. ਇਮਰਾਨ ਖਾਨ ਨੇ ਪ੍ਰਦਰਸ਼ਨਕਾਰੀਆਂ ਦੀ ਅਸਤੀਫੇ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਪ੍ਰਦਰਸ਼ਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਜੇਲ ਵਿਚ ਬੰਦ ਪੀ.ਐੱਮ.ਐੱਲ.-ਐੱਨ. ਅਤੇ ਪੀ.ਪੀ.ਪੀ. ਦੇ ਨੇਤਾਵਾਂ ਨੂੰ ਰਿਹਾਅ ਕਰਵਾਉਣ ਲਈ ਸਮਝੌਤੇ ਦੀ ਕੋਸ਼ਿਸ਼ ਹੈ।