ਚੋਣਾਂ ਤੋਂ ਪਹਿਲਾਂ ਭਾਰਤ ਵੱਲੋਂ ਇਕ ਹੋਰ ਹਮਲੇ ਦਾ ਡਰ : ਇਮਰਾਨ
Wednesday, Mar 27, 2019 - 01:29 PM (IST)

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਿਚ ਆਮ ਚੋਣਾਂ ਪੂਰੀਆਂ ਹੋਣ ਤੱਕ ਭਾਰਤ-ਪਾਕਿਸਤਾਨ ਸਬੰਧ ਤਣਾਅਪੂਰਨ ਬਣੇ ਰਹਿਣਗੇ। ਇਸ ਦੇ ਨਾਲ ਹੀ ਇਮਰਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਬੀ ਗੁਆਂਢੀ ਦੇਸ਼ ਵੱਲੋਂ ਇਕ ਹੋਰ ਹਮਲਾ ਕੀਤੇ ਜਾਣ ਦਾ ਡਰ ਹੈ। ਜ਼ਿਕਰਯੋਗ ਹੈ ਕਿ ਪੁਲਵਾਮਾ ਵਿਚ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 14 ਫਰਵਰੀ ਦੇ ਅੱਤਵਾਦੀ ਹਮਲੇ ਦੇ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵੱਧ ਗਿਆ ਹੈ।
ਇਮਰਾਨ ਨੇ ਕਿਹਾ ਕਿ ਖਤਰਾ ਹਾਲੇ ਵੀ ਪਾਕਿਸਤਾਨ ਅਤੇ ਭਾਰਤ 'ਤੇ ਮੰਡਰਾ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਮ ਚੋਣਾਂ ਤੋਂ ਪਹਿਲਾਂ ਇਕ ਹੋਰ ਹਮਲਾ ਕਰ ਸਕਦੀ ਹੈ। ਇਕ ਅੰਗਰੇਜ਼ੀ ਅਖਬਾਰ ਨੇ ਇਮਰਾਨ ਦੇ ਹਵਾਲੇ ਨਾਲ ਦੱਸਿਆ,''ਖਤਰਾ ਹਾਲੇ ਟਲਿਆ ਨਹੀਂ ਹੈ। ਭਾਰਤ ਵਿਚ ਆਮ ਚੋਣਾਂ ਹੋਣ ਤੱਕ ਸਥਿਤੀ ਤਣਾਅਪੂਰਨ ਬਣੀ ਰਹੇਗੀ। ਅਸੀਂ ਭਾਰਤ ਵੱਲੋਂ ਕਿਸੇ ਵੀ ਤਰ੍ਹਾਂ ਦੇ ਹਮਲੇ ਰੋਕਣ ਲਈ ਪਹਿਲਾਂ ਹੀ ਤਿਆਰ ਹਾਂ।'' ਇਮਰਾਨ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਨੇ ਅਫਗਾਨਿਸਤਾਨ ਸਰਕਾਰ ਦੀਆਂ ਚਿੰਤਾਵਾਂ ਦੇ ਕਾਰਨ ਤਾਲਿਬਾਨ ਨਾਲ ਇਸਲਾਮਾਬਾਦ ਵਿਚ ਆਪਣੀ ਪ੍ਰਸਤਾਵਿਤ ਬੈਠਕ ਰੱਦ ਕਰ ਦਿੱਤੀ।