ਪਾਕਿ ਨੇ ਬਹਿਰੀਨ ਦੇ ਰਾਜਾ ਨੂੰ ਸੋਹਨ ਚਿੜੀ ਦੇ ਸ਼ਿਕਾਰ ਦੀ ਦਿੱਤੀ ਇਜਾਜ਼ਤ
Tuesday, Dec 24, 2019 - 04:31 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ ਬਹਿਰੀਨ ਦੇ ਰਾਜਾ ਅਤੇ ਸ਼ਾਹੀ ਪਰਿਵਾਰ ਦੇ 5 ਹੋਰ ਮੈਂਬਰਾਂ ਨੂੰ 100 ਸੋਹਨ ਚਿੜੀਆਂ (ਹਾਉਬਾਰਾ ਬਸਟਰਡ) ਦਾ ਸ਼ਿਕਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਇਕ ਲੁਪਤ ਹੋ ਰਹੀ ਪੰਛੀਆਂ ਦੀ ਪ੍ਰਜਾਤੀ ਹੈ । ਇਸ ਕਦਮ ਦੇ ਵਿਰੁੱਧ ਦੇਸ਼ ਵਿਚ ਵੱਧਦੀ ਆਲੋਚਨਾ ਦੇ ਬਾਵਜੂਦ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਅੰਗਰੇਜ਼ੀ ਅਖਬਾਰ 'ਡਾਨ' ਨੇ ਆਪਣੀ ਇਕ ਖਬਰ ਵਿਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਵਿਦੇਸ਼ ਮੰਤਰਾਲੇ ਦੇ ਉਪ ਪ੍ਰਮੁੱਖ ਪ੍ਰੋਟੋਕਾਲ ਮੁਹੰਮਦ ਅਦੀਲ ਪਰਵੇਜ਼ ਨੇ 2019-20 ਵਿਚ ਸ਼ਿਕਾਰ ਲਈ ਪਰਮਿਟ ਜਾਰੀ ਕੀਤੇ ਹਨ। ਇਹ ਪਰਮਿਟ ਬਹਿਰੀਨ ਦੇ ਰਾਜਾ ਸ਼ੇਖ ਹਮਦ ਬਿਨ ਈਸਾ ਬਿਨ ਸਲਮਾਨ ਅਲ ਖਲੀਫਾ, ਉਹਨਾਂ ਦੇ ਚਾਚਾ ਸ਼ੇਖ ਇਬਰਾਹੀਮ, ਉਹਨਾਂ ਦੇ ਰਿਸ਼ਤੇ ਦੇ ਭਰਾ (ਜੋ ਉਹਨਾਂ ਦੇ ਗ੍ਰਹਿ ਮਾਮਲਿਆਂ ਦੇ ਮੰਤਰੀ ਵੀ ਹਨ) ਲੈਫਟੀਨੈਂਟ ਜਨਰਲ ਸ਼ੇਖ ਰਾਸ਼ਿਦ ਬਿਨ ਅਬਦੁੱਲਾ ਅਲ ਖਲੀਫਾ ਅਤੇ ਰਾਜਸ਼ਾਹੀ ਦੇ ਹੋਰ ਪ੍ਰਭਾਵਸ਼ਾਲੀ ਲੋਕਾਂ ਨੂੰ ਦਿੱਤੀ ਗਈ ਹੈ।
ਖਬਰ ਮੁਤਾਬਕ ਸਿੰਧ ਸੂਬੇ ਵਿਚ ਜਮਸ਼ੋਰੋ ਜ਼ਿਲਾ ਸਮੇਤ ਥਾਨੇ ਬੁਲਾ ਖਾਨ, ਕੋਟਰੀ, ਮਾਨਝੰਦ ਅਤੇ ਸੇਹਵਨ ਤਹਿਸੀਲ ਵਿਚ ਸ਼ਿਕਾਰ ਦੀ ਇਜਾਜ਼ਤ ਦਿੱਤੀ ਗਈ ਹੈ। ਉਸ ਨੇ ਕਿਹਾ ਕਿ ਸ਼ਿਕਾਰੀਆਂ ਨੂੰ 1 ਨਵੰਬਰ, 2019 ਤੋਂ 31 ਜਨਵਰੀ, 2020 ਮਤਲਬ ਤਿੰਨ ਮਹੀਨੇ ਵਿਚ 10 ਦਿਨ ਦੀ ਸਫਾਰੀ ਵਿਚ ਸੋਹਨ ਚਿੜੀ ਦਾ ਸ਼ਿਕਾਰ ਕਰਨ ਦੀ ਇਜਾਜ਼ਤ ਦਿੱਤੀ ਗਈ।ਇਹ ਇਜਾਜ਼ਤ ਵਿਅਕਤੀ ਵਿਸੇਸ਼ ਹੈ। ਲੁਪਤ ਹੋਣ ਕਾਰਨ ਇਸ ਪ੍ਰਵਾਸੀ ਪੰਛੀ ਨੂੰ ਨਾ ਸਿਰਫ ਵਿਭਿੰਨ ਅੰਤਰਰਾਸ਼ਟਰੀ ਪ੍ਰਕਿਰਤੀ ਸੁਰੱਖਿਆ ਸੰਧੀਆਂ ਦੇ ਤਹਿਤ ਸੁਰੱਖਿਅਤ ਕੀਤਾ ਜਾਂਦਾ ਹੈ ਸਗੋਂ ਇਸ ਦੇ ਸ਼ਿਕਾਰ 'ਤੇ ਸਥਾਨਕ ਜੰਗਲੀ ਜੀਵ ਸੁਰੱਖਿਆ ਕਾਨੂੰਨਾਂ ਦੇ ਤਹਿਤ ਵੀ ਪਾਬੰਦੀ ਹੈ। ਪਾਕਿਸਤਾਨੀਆਂ ਨੂੰ ਵੀ ਇਸ ਪੰਛੀ ਦੇ ਸ਼ਿਕਾਰ ਦੀ ਇਜਾਜ਼ਤ ਨਹੀਂ ਹੈ।