ਪਾਕਿ ਹਿੰਦੂ ਵਿਦਿਆਰਥਣ ਨੇ ਕੀਤੀ ਸੀ ਖੁਦਕੁਸ਼ੀ : ਜੁਡੀਸ਼ੀਅਲ ਪੈਨਲ

Friday, Dec 06, 2019 - 03:37 PM (IST)

ਪਾਕਿ ਹਿੰਦੂ ਵਿਦਿਆਰਥਣ ਨੇ ਕੀਤੀ ਸੀ ਖੁਦਕੁਸ਼ੀ : ਜੁਡੀਸ਼ੀਅਲ ਪੈਨਲ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਹਿੰਦੂ ਮੈਡੀਕਲ ਵਿਦਿਆਰਥਣ, ਜੋ ਸਤੰਬਰ ਵਿਚ ਹੋਸਟਲ ਦੇ ਆਪਣੇ ਕਮਰੇ ਵਿਚ ਰਹੱਸਮਈ ਹਾਲਤ ਵਿਚ ਮ੍ਰਿਤਕ ਪਾਈ ਗਈ ਸੀ, ਨੇ ਖੁਦਕੁਸ਼ੀ ਕੀਤੀ ਸੀ। ਇਕ ਨਿਆਂਇਕ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ। ਨਿਮਰਿਤਾ ਕੁਮਾਰੀ ਦੀ ਲਾਸ਼ 16 ਸਤੰਬਰ ਨੂੰ ਲਰਕਾਨਾ ਦੇ ਸ਼ਹੀਦ ਮੋਹਤਰਮਾ ਬੇਨਜ਼ੀਰ ਭੁੱਟੋ ਮੈਡੀਕਲ ਯੂਨੀਵਰਸਿਟੀ (SMBBMU) ਵਿਚ ਉਨ੍ਹਾਂ ਦੇ ਹੋਸਟਲ ਦੇ ਕਮਰੇ ਵਿਚ ਛੱਤ ਵਾਲੇ ਪੱਖ ਨਾਲ ਲਟਕਦੀ ਪਾਈ ਗਈ ਸੀ। ਉਹ ਯੂਨੀਵਰਸਿਟੀ ਦੇ ਬੈਚਲਰ ਆਫ ਡੈਂਟਲ ਸਰਜਰੀ ਪ੍ਰੋਗਰਾਮ ਵਿਚ ਦਾਖਲ ਹੋਈ ਸੀ ਅਤੇ ਫਾਈਨਲ ਯੀਅਰ ਦੀ ਵਿਦਿਆਰਥਣ ਸੀ। 

ਸੂਤਰਾਂ ਮੁਤਾਬਕ ਕਮਿਸ਼ਨ ਨੇ ਆਪਣੇ ਨਤੀਜੇ ਕੱਢੇ ਅਤੇ ਸਿੰਧ ਦੇ ਗ੍ਰਹਿ ਵਿਭਾਗ ਨੂੰ 17 ਸਫਿਆਂ ਦੀ ਆਪਣੀ ਰਿਪੋਰਟ ਦਿੱਤੀ। ਇਸ ਦੀ ਪ੍ਰਧਾਨਗੀ ਜ਼ਿਲਾ ਅਤੇ ਸੈਸ਼ਨ ਜੱਜ ਲਰਕਾਨਾ ਨੇ ਕੀਤੀ, ਜਿਨ੍ਹਾਂ ਨੇ ਆਸਿਫਾ ਮੈਡੀਕਲ ਅਤੇ ਡੈਂਟਲ ਕਾਲਜ, ਲਰਕਾਨਾ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਸਮੇਤ ਗਵਾਹਾਂ ਦੀ ਸੁਣਵਾਈ ਕੀਤੀ। ਕਮਿਸ਼ਨ ਨੇ ਪੁਲਸ ਜਾਂਚ, ਪੋਸਟਮਾਰਟਮ ਤੇ ਡੀ.ਐੱਨ.ਏ. ਰਿਪੋਰਟ, ਨਿਮਰਿਤਾ ਦੇ ਸੈੱਲ ਫੋਨ ਤੇ ਉਸ ਦੇ ਲੈਪਟਾਪ ਦੇ ਫੌਂਰੇਸਿਕ ਡਾਟਾ, ਸ਼ੱਕੀਆਂ ਤੇ ਹੋਰ ਸਬੰਧਤ ਸਬੂਤਾਂ ਦੀ ਵੀ ਸਮੀਖਿਆ ਕੀਤੀ। ਇਹ ਨਤੀਜਾ ਕੱਢਿਆ ਗਿਆ ਕਿ ਨਿਮਰਿਤਾ ਆਪਣੇ ਦੋਸਤ ਵੱਲੋਂ ਵਿਆਹ ਦਾ ਪ੍ਰਸਤਾਵ ਠੁਕਰਾਉਣ ਦੇ ਬਾਅਦ ਗੰਭੀਰ ਤਣਾਅ ਵਿਚ ਸੀ। ਇਸੇ ਨਿਰਾਸ਼ਾ ਵਿਚ ਉਸ ਨੇ ਖੁਦਕੁਸ਼ੀ ਕਰ ਲਈ। ਜਾਂਚ ਅਤੇ ਸਬੂਤਾਂ ਦੀ ਸਮੀਖਿਆ ਕਰਦਿਆਂ ਕਮਿਸ਼ਨ ਇਸ ਮਾਮਲੇ ਵਿਚ ਹੱਤਿਆ ਦਾ ਪਤਾ ਨਹੀਂ ਲਗਾ ਸਕਿਆ।


author

Vandana

Content Editor

Related News