ਪਾਕਿ ''ਚ ਅੰਤਮ ਸੰਸਕਾਰ ਹੋਇਆ ਮਹਿੰਗਾ, ਕਈ ਹਿੰਦੂ ਦਫਨਾ ਰਹੇ ਨੇ ਲਾਸ਼ਾਂ

02/03/2020 3:27:41 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਹਿੰਦੂ ਭਾਈਚਾਰੇ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਦੇ ਬਾਅਦ ਭਾਰਤ-ਪਾਕਿਸਤਾਨ ਦੇ ਰਿਸ਼ਤੇ ਕਾਫੀ ਤਣਾਅਪੂਰਨ ਬਣੇ ਹੋਏ ਹਨ। ਇਸ ਵਿਚ ਦੋਹਾਂ ਦੇਸ਼ਾਂ ਵਿਚਾਲੇ ਇਕ ਪੁਲ ਦਾ ਕੰਮ ਕਰਦੀ ਸਮਝੌਤਾ ਐਕਸਪ੍ਰੈੱਸ ਅਤੇ ਸਦਭਾਵਨਾ ਬੱਸ ਦੇ ਬੰਦ ਹੋਣ ਕਾਰਨ ਪਾਕਿਸਤਾਨ ਵਿਚ ਰਹਿੰਦੇ ਹਿੰਦੂ ਭਾਈਚਾਰੇ ਦੇ ਲੋਕਾਂ ਲਈ ਆਪਣੇ ਮ੍ਰਿਤਕ ਪਰਿਵਾਰ ਵਾਲਿਆਂ ਦੀਆਂ ਅਸਥੀਆਂ ਨੂੰ ਹਰੀਦੁਆਰ ਵਿਚ ਗੰਗਾ ਨਦੀ ਵਿਚ ਪ੍ਰਵਾਹਿਤ ਕਰਨ ਲਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਪਾਕਿਸਤਾਨ ਵਿਚ ਮ੍ਰਿਤਕ ਹਜ਼ਾਰਾਂ ਹਿੰਦੂਆਂ ਦੀਆਂ ਅਸਥੀਆਂ ਕਰਾਚੀ ਸਮੇਤ ਪੂਰੇ ਸਿੰਧ ਦੇ ਵਿਭਿੰਨ ਮੰਦਰਾਂ ਵਿਚ ਰੱਖੀਆਂ ਹੋਈਆਂ ਹਨ। ਪਾਕਿਸਤਾਨੀ ਹਿੰਦੂ ਇਹਨਾਂ ਅਸਥੀਆਂ ਨੂੰ ਭਾਰਤ ਲਿਜਾਣ ਦੀ ਉਡੀਕ ਕਰ ਰਹੇ ਹਨ। ਪਾਕਿਸਤਾਨ ਪੰਜਾਬ ਦੇ ਜ਼ਿਲਾ ਰਹੀਮ ਯਾਰ ਖਾਨ ਦੇ ਸਾਬਕਾ ਹਿੰਦੂ ਸਾਂਸਦ ਕਾਂਜੀ ਰਾਮ ਚਾਵਲਾ ਨੇ ਭੇਜੇ ਇਕ ਸੰਦੇਸ਼ ਵਿਚ ਕਿਹਾ ਕਿ ਵੱਡੀ ਗਿਣਤੀ ਵਿਚ ਪਾਕਿਸਤਾਨੀ ਹਿੰਦੂਆਂ ਨੂੰ ਉਹਨਾਂ ਦੇ ਧਾਰਮਿਕ ਰੀਤੀ-ਰਿਵਾਜਾਂ ਮੁਤਾਬਕ ਆਪਣੇ ਪਰਿਵਾਰ ਵਾਲਿਆਂ ਦੀਆਂ ਅਸਥੀਆਂ ਗੰਗਾ ਨਦੀ ਵਿਚ ਪ੍ਰਵਾਹਿਤ ਕਰਨ ਦਾ ਇੰਤਜ਼ਾਰ ਹੈ।ਇਸ ਤੋਂ ਪਹਿਲਾਂ ਪਾਕਿਸਤਾਨ ਵਿਚ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਲੋਕ ਹਿੰਦੂ ਸਮਝੌਤਾ ਐਕਸਪ੍ਰੈੱਸ ਜ਼ਰੀਏ ਦਿੱਲੀ ਪਹੁੰਚਦੇ ਸੀ। ਉੱਥੋਂ ਰੇਲਗੱਡੀ ਜ਼ਰੀਏ ਹਰੀਦੁਆਰ ਪਹੁੰਚ ਕੇ ਆਪਣੇ ਰੀਤੀ-ਰਿਵਾਜਾਂ ਮੁਤਾਬਕ ਅਸਥੀਆਂ ਪ੍ਰਵਾਹਿਤ ਕਰਦੇ ਸਨ।

ਪਾਕਿਸਤਾਨ ਵਿਚ ਹਿੰਦੂ ਧਰਮ ਦੇ ਮੁਤਾਬਕ ਅੰਤਮ ਸੰਸਕਾਰ ਕਰਨਾ ਬਹੁਤ ਮਹਿੰਗਾ ਹੋ ਗਿਆ ਹੈ। ਇਕ ਹਿੰਦੂ ਦੇ ਅੰਤਮ ਸੰਸਕਾਰ ਵਿਚ 20 ਤੋਂ 25 ਹਜ਼ਾਰ ਦੀ ਰਾਸ਼ੀ ਖਰਚ ਹੋ ਰਹੀ ਹੈ। ਅਸਥੀਆਂ ਨੂੰ ਗੰਗਾ ਵਿਚ ਤਾਰਨ ਕਰਨ ਲਈ ਕਈ ਦਿਨਾਂ ਤੱਕ ਵੀਜ਼ਾ ਦਾ ਇੰਤਜ਼ਾਰ ਕਰਨਾ, ਇਸਲਾਮਾਬਾਦ ਦੇ ਚੱਕਰ ਕੱਟਣਾ ਅਤੇ ਅਸਥੀਆਂ ਨੂੰ ਹਰੀਦੁਆਰ ਤੱਕ ਲਿਜਾਣ ਦਾ ਖਰਚ ਵੱਖਰਾ ਹੈ। ਇਸ ਲਈ ਜ਼ਿਆਦਾਤਰ ਪਾਕਿਸਤਾਨੀ ਹਿੰਦੂਆਂ ਨੇ ਸਨਾਤਨ ਧਰਮ ਦੀਆਂ ਪਰੰਪਰਾਵਾਂ ਦੇ ਵਿਰੁੱਧ ਲਾਸ਼ਾਂ ਨੂੰ ਦਫਨਾਉਣਾ ਸ਼ੁਰੂ ਕਰ ਦਿੱਤਾ ਹੈ। ਚਾਵਲਾ ਦੇ ਮੁਤਾਬਕ ਸਿੰਧ, ਖੈਬਰ ਪਖਤੂਨਖਵਾ ਅਤੇ ਪੰਜਾਬ ਦੇ ਕੁਝ ਸ਼ਹਿਰਾਂ ਵਿਚ ਮ੍ਰਿਤਕ ਦਾ ਅੰਤਮ ਸੰਸਕਾਰ ਕਰਨ ਵਾਲੇ ਹਿੰਦੂਆਂ ਵਿਚ ਇਸ ਗੱਲ ਦੀ ਮਾਨਸਿਕ ਪਰੇਸ਼ਾਨੀ ਹੈ ਕਿ ਉਹ ਅਸਥੀਆਂ ਗੰਗਾ ਵਿਚ ਪ੍ਰਵਾਹਿਤ ਨਹੀਂ ਕਰ ਪਾ ਰਹੇ ਹਨ। 

ਅਧਿਕਾਰਤ ਅੰਕੜਿਆਂ ਦੇ ਮੁਤਾਬਕ ਵਰਤਮਾਨ ਵਿਚ ਪਾਕਿਸਤਾਨ ਵਿਚ 5 ਮਿਲੀਅਨ ਤੋਂ ਵੱਧ ਹਿੰਦੂ ਰਜਿਸਟਰਡ ਹਨ ਪਰ ਵਿਭਿੰਨ ਹਿੰਦੂ ਸੰਗਠਨਾਂ ਦਾ ਮੰਨਣਾ ਹੈਕਿ ਅਸਲੀ ਗਿਣਤੀ 9 ਮਿਲੀਅਨ ਤੋਂ ਵੱਧ ਹੈ। ਪਾਕਿਸਤਾਨ ਵਿਚ ਕੁੱਲ 80 ਫੀਸਦੀ ਆਬਾਦੀ ਹਿੰਦੂ ਘੱਟ ਗਿਣਤੀ ਅਤੇ ਹੋਰ ਛੋਟੀਆਂ ਜਾਤੀਆਂ ਦੀ ਹੈ। ਆਰਥਿਕ ਤੰਗੀ ਨਾਲ ਜੂਝ ਰਹੇ ਇਹਨਾਂ ਹਿੰਦੂਆਂ ਨੂੰ ਅੰਤਮ ਸੰਸਕਾਰ ਦੀ ਬਜਾਏ ਲਾਸ਼ਾਂ ਨੂੰ ਦਫਨਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਾਕਿਸਤਾਨ ਵਿਚ ਹਿੰਦੂਆਂ ਲਈ ਪਿੰਡਦਾਨ ਲਈ ਸਥਾਨ ਨਿਰਧਾਰਤ ਹਨ ਪਰ ਪਾਕਿਸਤਾਨੀ ਹਿੰਦੂ ਉੱਥੇ ਅਸਥੀਆਂ ਪ੍ਰਵਾਹਿਤ ਨਹੀਂ ਕਰਦੇ।

ਪਾਕਿਸਤਾਨ ਵਿਚ ਜ਼ਿਆਦਾਤਰ ਹਿੰਦੂ ਹੈਦਰਾਬਾਦ, ਸਿੰਧ, ਭਾਨਪੁਰ ਅਤੇ ਮੀਰਪੁਰ ਖਾਸ ਡਿਵੀਜ਼ਨਾਂ ਵਿਚ ਰਹਿੰਦੇ ਹਨ। ਜਦਕਿ ਪੰਜਾਬ ਵਿਚ ਜ਼ਿਆਦਾਤਰ ਲੋਕ ਰਹੀਮ ਯਾਰ ਖਾਨ, ਬਹਾਵਲਪੁਰ , ਲਿਯਾਕਤਪੁਰ ਅਤੇਅਹਿਮਦ ਸ਼ਰੀਕਿਯਾ ਵਿਚ ਰਹਿੰਦੇ ਹਨ। ਇਹਨਾਂ ਖੇਤਰਾਂ ਵਿਚ ਹਿੰਦੂਆਂ ਕੋਲ ਜਾਂ ਤਾਂ ਇਕ ਆਮ ਸ਼ਮਸ਼ਾਨ ਘਾਟ ਹੈ ਜਾਂ ਹਰੇਕ ਜਾਤੀ ਲਈ ਇਕ ਵੱਖਰਾ ਸ਼ਮਸ਼ਾਨ ਘਾਟ ਹੈ। ਚਾਵਲਾ ਨੇ ਕਿਹਾ ਕਿ ਭਾਰਤ ਸਰਕਾਰ ਪਾਕਿਸਤਾਨੀ ਹਿੰਦੂਆਂ ਦੀ ਭਾਵਨਾ ਨੂੰ ਸਮਝਦੇ ਹੋਏ ਇਸ ਮੁੱਦੇ ਦਾ ਹੱਲ ਕਰਵਾਏ। ਇਸਲਾਮਾਬਾਦ ਸਥਿਤ ਭਾਰਤੀ ਦੂਤਾਵਾਸ ਹਿੰਦੂਆਂ ਨੂੰ ਵੀਜ਼ਾ ਜਲਦੀ ਜਾਰੀ ਕਰੇ।


Vandana

Content Editor

Related News