ਪਾਕਿ ''ਚ ਮੀਂਹ ਦਾ ਕਹਿਰ, 24 ਘੰਟੇ ''ਚ ਭਾਰੀ ਮੀਂਹ ਦੀ ਸੰਭਾਵਨਾ

07/29/2019 2:31:25 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਮੀਂਹ ਦਾ ਕਹਿਰ ਜਾਰੀ ਹੈ। ਪਾਕਿਸਤਾਨ ਮੌਸਮ ਵਿਗਿਆਨ ਵਿਭਾਗ ਮੁਤਾਬਕ ਫਿਲਹਾਲ ਮੀਂਹ ਅਤੇ ਹੜ੍ਹ ਤੋਂ ਰਾਹਤ ਦੀ ਕੋਈ ਆਸ ਨਹੀਂ ਹੈ। ਇਸ ਦੇ ਨਾਲ ਹੀ ਇਸਲਾਮਾਬਾਦ, ਰਾਵਲਪਿੰਡੀ, ਗੁਜਰਾਂਵਾਲਾ, ਸਰਗੋਧਾ, ਫੈਸਲਾਬਾਦ, ਮੁਲਤਾਨ ਅਤੇ ਬਹਾਵਲਪੁਰ ਵਿਚ ਅਗਲੇ 24 ਘੰਟਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਮੀਂਹ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ਵਿਚ 7 ਲੋਕਾਂ ਦੀ ਮੌਤ ਹੋ ਗਈ।  

ਪਾਕਿਸਤਾਨ ਦੇ ਉੱਤਰ-ਪੱਛਮ ਖੈਬਰ ਪਖਤੂਨਖਵਾ ਸੂਬੇ ਵਿਚ ਦੋ ਬੱਚਿਆਂ ਅਤੇ ਇਕ ਮਹਿਲਾ ਸਮੇਤ 5 ਲੋਕਾਂ ਦੀ ਐਤਵਾਰ ਨੂੰ ਮੌਤ ਹੋ ਗਈ। ਸੂਬਾਈ ਆਫਤ ਪ੍ਰਬੰਧਨ ਅਥਾਰਿਟੀ ਮੁਤਾਬਕ ਸ਼ਾਂਗਰੀਲਾ ਵਿਚ ਦੋ ਅਤੇ ਬੁਨੇਰ, ਮਾਨਸੇਹਰਾ ਅਤੇ ਐਬਟਾਬਾਦ ਵਿਚ 2 ਲੋਕਾਂ ਦੀ ਮੌਤ ਹੋ ਗਈ। ਘਟਨਾ ਵਿਚ 6 ਔਰਤਾਂ ਸਮੇਤ 18 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਕ ਅੰਗਰੇਜ਼ੀ ਅਖਬਾਰ ਨੇ ਖਬਰ ਦਿੱਤੀ ਕਿ ਸੂਬੇ ਵਿਚ ਭਾਰੀ ਮੀਂਹ ਕਾਰਨ ਪੰਜ ਘਰ, ਦੋ ਝੌਂਪੜੀਆਂ ਅਤੇ ਤਿੰਨ ਸਕੂਲੀ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। 

ਤਿਰਿਚ ਮੀਰ ਅਤੇ ਕੋਸ਼ਤ ਸਮੇਤ ਚਿਤਰਾਲ ਦੇ ਵੱਖ-ਵੱਖ ਇਲਾਕਿਆਂ ਨੂੰ ਹੜ੍ਹ ਕਾਰਨ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਪੰਜਾਬ ਸੂਬੇ ਵਿਚ ਘੱਟੋ-ਘੱਟ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਖਬਰ ਵਿਚ ਦੱਸਿਆ ਗਿਆ ਕਿ ਸਰਗੋਧਾ ਸ਼ਹਿਰ ਵਿਚ ਛੱਤ ਡਿੱਗਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਸ਼ੇਖੂਪੁਰਾ ਵਿਚ ਪੰਜ ਹੋਰ ਛੱਤ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਅਧਿਕਾਰੀਆਂ ਨੇ ਜ਼ਖਮੀਆਂ ਦੀ ਗਿਣਤੀ 10 ਦੱਸੀ ਹੈ। 
 


Vandana

Content Editor

Related News