ਪਾਕਿ ਨੇ ਇਸਲਾਮ ਵਿਰੋਧੀ ਕਾਰਟੂਨ ਮੁਕਾਬਲੇ ਦਾ ਕੀਤਾ ਵਿਰੋਧ
Wednesday, Aug 29, 2018 - 10:48 AM (IST)
ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਨੇ ਨੀਦਰਲੈਂਡ ਵਿਚ ਆਯੋਜਿਤ ਹੋਣ ਜਾ ਰਹੇ ਇਸਲਾਮ ਵਿਰੋਧੀ ਕਾਰਟੂਨ ਮੁਕਾਬਲੇ ਵਿਰੁੱਧ ਇਤਰਾਜ਼ ਜ਼ਾਹਰ ਕੀਤਾ ਹੈ। ਪਾਕਿਸਤਾਨ ਨੇ ਇਸ ਮੁਕਾਬਲੇ ਨੂੰ ਇਸਲਾਮ ਵਿਰੁੱਧ ਨਫਰਤ ਅਤੇ ਅਸਿਹਣਸ਼ੀਲਤਾ ਫੈਲਾਉਣ ਵਾਲਾ ਕਰਾਰ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੰਗਲਵਾਰ ਨੂੰ ਨੀਦਰਲੈਂਡ ਦੇ ਵਿਦੇਸ਼ ਮੰਤਰੀ ਸਟੇਫ ਬਲਾਕ ਨੂੰ ਇਸ ਸਬੰਧੀ ਸ਼ਿਕਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਸ਼ ਆਯੋਜਿਤ ਹੋਣ ਵਾਲੇ ਇਸਲਾਮ ਵਿਰੋਧੀ ਕਾਰਟੂਨ ਮੁਕਾਬਲੇ ਨਾਲ ਨਫਰਤ ਅਤੇ ਅਸਹਿਣਸ਼ੀਲਤਾ ਫੈਲੇਗੀ। ਇਸ ਨਾਲ ਦੁਨੀਆ ਭਰ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੇਗੀ। ਕੁਰੈਸ਼ੀ ਨੇ ਕਿਹਾ,''ਅਸੀਂ ਇਸ ਮੁੱਦੇ ਨੂੰ ਵਿਸ਼ਵ ਨੇਤਾਵਾਂ ਦੇ ਸਾਹਮਣੇ ਚੁੱਕਾਂਗੇ। ਇਸ ਮੁੱਦੇ ਨੂੰ ਕਈ ਪੱਧਰਾਂ ਤੱਕ ਚੁੱਕਿਆ ਜਾਵੇਗਾ। ਅਸੀਂ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਨਾਲ ਸੰਪਰਕ ਕੀਤਾ ਹੈ।''
ਨੀਦਰਲੈਂਡ ਦੇ ਸੰਸਦ ਮੈਂਬਰ ਗ੍ਰੀਟ ਵਿਲਡਰਸ ਨੇ ਇਸੇ ਸਾਲ ਇਸਲਾਮ ਵਿਰੋਧੀ ਕਾਰਟੂਨ ਮੁਕਾਬਲਾ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ, ਜਿਸ ਵਿਚ ਹਜ਼ਰਤ ਮੁਹੰਮਦ 'ਤੇ ਵੀ ਕਾਰਟੂਨ ਬਣਾਏ ਜਾਣਗੇ। ਵਿਲਡਰਸ ਇਨ੍ਹਾਂ ਕਾਰਟੂਨਾਂ ਨੂੰ ਸੰਸਦ ਸਥਿਤ ਆਪਣੀ ਪਾਰਟੀ ਦੇ ਕਮਰੇ ਵਿਚ ਪ੍ਰਦਰਸ਼ਿਤ ਕਰਨਾ ਚਾਹੁੰਦੇ ਹਨ। ਨੀਦਰਲੈਂਡ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਨੇ ਕੁਰੈਸ਼ੀ ਨਾਲ ਫੋਨ 'ਤੇ ਗੱਲਬਾਤ ਵਿਚ ਕਿਹਾ ਕਿ ਨੀਦਰਲੈਂਡ ਦੀ ਸਰਕਾਰ ਵਿਲਡਰਸ ਦੇ ਕਾਰਟੂਨ ਮੁਕਾਬਲੇ ਨੂੰ ਸਮਰਥਨ ਨਹੀਂ ਦਿੰਦੀ। ਸ਼ੁੱਕਰਵਾਰ ਨੂੰ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਵਿਲਡਰਸ ਦੇ ਕਾਰਟੂਨ ਮੁਕਾਬਲੇ ਨਾਲ ਕੋਈ ਸਕਾਰਾਤਮਕ ਟੀਚਾ ਹਾਸਲ ਹੁੰਦਾ ਨਜ਼ਰ ਨਹੀਂ ਆਉਂਦਾ ਪਰ ਵਿਰੋਧੀ ਧਿਰ ਦੇ ਸੰਸਦ ਮੈਂਬਰ ਨੀਦਰਲੈਂਡ ਦੀ ਪ੍ਰਗਟਾਵੇ ਦੀ ਆਜ਼ਾਦੀ ਦੇ ਕਾਨੂੰਨ ਦੇ ਤਹਿਤ ਇਸ ਮੁਕਾਬਲੇ ਦਾ ਆਯੋਜਨ ਕਰ ਰਹੇ ਹਨ। ਸੋਮਵਾਰ ਨੂੰ ਪਾਕਿਸਤਾਨ ਦੀ ਸੰਸਦ ਦੇ ਉੱਚ ਸਦਨ ਨੇ ਇਸ ਮੁਕਾਬਲੇ ਦੀ ਨਿੰਦਾ ਕੀਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ,''ਇਹ ਇਸ ਗੱਲ ਨੂੰ ਨਹੀਂ ਸਮਝਦੇ ਕਿ ਇਸ ਤਰ੍ਹਾਂ ਦੇ ਕੰਮਾਂ ਨਾਲ ਕਿੰਨੀ ਸੱਟ ਪਹੁੰਚਾ ਰਹੇ ਹਨ।''
