ਪਾਕਿਸਤਾਨ: ਕੇਅਰਟੇਕਰ ਪ੍ਰਧਾਨ ਮੰਤਰੀ ਕੱਕੜ ਨੇ 9 ਮਈ ਦੀ ਹਿੰਸਾ ਨੂੰ ਲੈ ਕੇ ਦਿੱਤਾ ਇਹ ਬਿਆਨ
Sunday, Sep 03, 2023 - 05:27 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਮਰਥਕਾਂ ਵੱਲੋਂ 9 ਮਈ ਨੂੰ ਹੋਈ ਹਿੰਸਾ ਨੂੰ ‘ਤਖ਼ਤਾਪਲਟ' ਦੀ ਕੋਸ਼ਿਸ਼ ਅਤੇ 'ਗ੍ਰਹਿਯੁੱਧ’ ਕਰਾਰ ਦਿੱਤਾ। ਇਹ ਜਾਣਕਾਰੀ ਐਤਵਾਰ ਨੂੰ ਸਥਾਨਕ ਮੀਡੀਆ ਦੀ ਖ਼ਬਰ 'ਚ ਦਿੱਤੀ ਗਈ। ਕੱਕੜ ਨੇ ਹਾਲਾਂਕਿ ਇਸ ਗੱਲ ਤੋਂ ਇਨਕਾਰ ਕੀਤਾ ਕਿ ਹਿੰਸਾ ਦੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਪਿੱਛੇ ਬਦਲਾ ਲੈਣ ਦਾ ਮਕਸਦ ਸੀ।
ਨੀਮ ਫ਼ੌਜੀ ਰੇਂਜਰਾਂ ਵੱਲੋਂ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ 9 ਮਈ ਨੂੰ ਹੋਈ ਹਿੰਸਾ ਦੌਰਾਨ ਰਾਵਲਪਿੰਡੀ ਵਿੱਚ ਫ਼ੌਜ ਦੇ ਹੈੱਡਕੁਆਰਟਰ ਸਮੇਤ ਦਰਜਨਾਂ ਫ਼ੌਜੀ ਅਦਾਰਿਆਂ ਅਤੇ ਸਰਕਾਰੀ ਇਮਾਰਤਾਂ 'ਤੇ ਹਮਲੇ ਕੀਤੇ ਗਏ ਸਨ। ਕੱਕੜ ਨੇ 'ਜੀਓ ਨਿਊਜ਼' ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ''9 ਮਈ ਨੂੰ ਹੋਈ ਅੱਗਜ਼ਨੀ ਅਤੇ ਗੁੰਡਾਗਰਦੀ ਨੂੰ ਪੂਰੀ ਦੁਨੀਆ ਨੇ ਦੇਖਿਆ ਅਤੇ ਅੰਤਰਰਾਸ਼ਟਰੀ ਅਖ਼ਬਾਰਾਂ ਨੇ ਇਸ ਨੂੰ ਦੁਖਾਂਤ ਦੱਸਿਆ। ਇਸ ਤਰ੍ਹਾਂ ਦੀ ਧੋਖੇਬਾਜ਼ ਯੋਜਨਾਬੰਦੀ ਕਿਸੇ ਵੀ ਰੂਪ ਵਿੱਚ ਮਨਜ਼ੂਰ ਨਹੀਂ ਹੈ।'' ਉਨ੍ਹਾਂ ਇਹ ਵੀ ਕਿਹਾ ਕਿ 9 ਮਈ ਦੀ ਹਿੰਸਾ ''ਤਖ਼ਤਾਪਲਚ ਅਤੇ ਗ੍ਰਹਿਯੁੱਧ ਦੀ ਕੋਸ਼ਿਸ਼'' ਸੀ, ਜਿਸ ਵਿਚ ਫੌਜ ਮੁਖੀ ਅਤੇ ਉਨ੍ਹਾਂ ਦੀ ਟੀਮ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ 'ਕਾਮਿਆਂ' ਨੂੰ ਮਿਲੇਗੀ ਵੱਡੀ ਰਾਹਤ, ਲਿਆਂਦਾ ਜਾ ਰਿਹੈ ਇਹ ਕਾਨੂੰਨ
ਕੱਕੜ ਨੇ ਕਿਹਾ ਕਿ ਸਰਕਾਰ ਇਹ ਪ੍ਰਭਾਵ ਪੈਦਾ ਨਹੀਂ ਕਰਨਾ ਚਾਹੁੰਦੀ ਕਿ 9 ਮਈ ਦੀ ਹਿੰਸਾ ਦੇ ਦੋਸ਼ੀਆਂ ਤੋਂ ਬਦਲਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਅਤੇ ਹਿੰਸਾ ਦਾ ਸਹਾਰਾ ਲੈਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ "ਉਹਨਾਂ ਨੂੰ ਇਸ ਮਾਮਲੇ ਵਿੱਚ ਇੱਕ ਧਿਰ ਵਜੋਂ ਦੇਖਿਆ ਜਾਵੇਗਾ"। ਕਾਰਜਕਾਰੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਦੂਜਿਆਂ 'ਤੇ ਪੱਥਰ ਸੁੱਟਣ, ਉਨ੍ਹਾਂ ਨਾਲ ਦੁਰਵਿਵਹਾਰ ਕਰਨ ਅਤੇ ਇਮਾਰਤਾਂ ਨੂੰ ਸਾੜਨ ਦਾ ਅਧਿਕਾਰ ਨਹੀਂ ਹੈ। ਇਮਰਾਨ ਖਾਨ ਦੇ ਸੈਂਕੜੇ ਸਮਰਥਕਾਂ ਨੂੰ ਇਸ ਹਿੰਸਾ ਵਿੱਚ ਕਥਿਤ ਤੌਰ 'ਤੇ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।