ਪਾਕਿ ਉਪ ਚੋਣਾਂ : ਨਵਾਜ਼ ਸ਼ਰੀਫ ਦੀ ਪਾਰਟੀ ਦੇ ਪ੍ਰਦਰਸ਼ਨ ''ਚ ਸੁਧਾਰ, ਇਮਰਾਨ ਦੀ PTI ਅੱਗੇ

10/15/2018 1:51:36 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਵਿਚ ਕੱਲ ਹੋਈਆਂ ਉਪ ਚੋਣਾਂ ਦੇ ਨਤੀਜੇ ਸੋਮਵਾਰ ਨੂੰ ਆ ਗਏ। ਨਤੀਜਿਆਂ ਮੁਤਾਬਕ ਗਦੀਓਂ ਲਾਹੇ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਪੀ.ਐੱਮ.ਐੱਲ.-ਐੱਨ. ਨੇ ਉਪ ਚੋਣਾਂ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀਆਂ ਵੋਟਾਂ ਵਿਚ ਸੰਨ੍ਹ ਲਗਾ ਕੇ ਆਪਣੀ ਖੋਹੀ ਜ਼ਮੀਨ ਹਾਸਲ ਕਰਨ ਵਿਚ ਕੁਝ ਹਦ ਤੱਕ ਸਫਲਤਾ ਪ੍ਰਾਪਤ ਕੀਤੀ ਹੈ। ਸੋਮਵਾਰ ਨੂੰ ਸਾਹਮਣੇ ਆਏ ਨਤੀਜਿਆਂ ਮੁਤਾਬਕ 11 ਸੀਟਾਂ 'ਤੇ ਹੋਈਆਂ ਸੰਸਦੀ ਉਪ ਚੋਣਾਂ ਵਿਚ ਪੀ.ਐੱਮ.ਐੱਲ.-ਐੱਨ. ਨੇ 4 'ਤੇ ਜਿੱਤ ਹਾਸਲ ਕੀਤੀ। 

PunjabKesari

ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਖਾਲੀ ਕੀਤੀਆਂ ਦੋ ਸੀਟਾਂ 'ਤੇ ਪੀ.ਟੀ.ਆਈ. ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਲਾਹੌਰ ਦੀ ਉਨ੍ਹਾਂ ਦੀ ਸੀਟ 'ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਤੇ ਬਨੂੰ ਸੀਟ 'ਤੇ ਮੁਤਾਹਿਦਾ ਮਜਲਿਸ ਅਮਲ ਪਾਰਟੀ ਦੇ ਜਾਹਿਦ ਅਕਰਮ ਦੁਰਾਨੀ ਨੂੰ ਜਿੱਤ ਹਾਸਲ ਹੋਈ। ਉਪ ਚੋਣਾਂ ਦੇ ਨਤੀਜਿਆਂ ਨਾਲ ਫੈਡਰਲ ਜਾਂ ਸੂਬਾਈ ਸਰਕਾਰਾਂ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ ਪਰ ਇਹ ਵਿਰੋਧੀ ਪਾਰਟੀਆਂ ਵਿਚ ਨਵੀਂ ਜਾਨ ਪਾਉਣ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ। ਪਾਕਿਸਤਾਨ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਦੀਆਂ 11 ਸੀਟਾਂ ਅਤੇ 24 ਸੂਬਾਈ ਸੀਟਾਂ ਲਈ ਹੋਈਆਂ ਉਪ ਚੋਣਾਂ ਵਿਚ ਸੱਤਾਧਾਰੀ ਪੀ.ਟੀ.ਆਈ. ਅਤੇ ਮੁੱਖ ਵਿਰੋਧੀ ਪਾਰਟੀ ਪੀ.ਐੱਮ.ਐੱਲ.-ਐੱਨ. ਵਿਚਕਾਰ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। 

PunjabKesari

ਚੋਣ ਕਮਿਸ਼ਨ ਨੇ ਕਿਹਾ ਕਿ ਪੀ.ਐੱਮ.ਐੱਲ.-ਐੱਨ. ਅਤੇ ਪੀ.ਟੀ.ਆਈ. ਨੂੰ 4-4 ਜਦਕਿ ਪਾਕਿਸਤਾਨ ਮੁਸਲਿਮ ਲੀਗ-ਕਵਾਦੀ ਨੂੰ 2 ਅਤੇ ਮੁਤਾਹਿਦਾ ਮਜਲਿਸ ਅਮਲ ਨੂੰ ਇਕ ਸੀਟ 'ਤੇ ਜਿੱਤ ਹਾਸਲ ਹੋਈ। ਸੂਬਾਈ ਵਿਧਾਨ ਸਭਾਵਾਂ ਦੀਆਂ 11 ਸੀਟਾਂ 'ਤੇ ਪੀ.ਟੀ.ਆਈ. ਨੂੰ ਜਿੱਤ ਹਾਸਲ ਹੋਈ ਜਦਕਿ ਪੀ.ਐੱਮ.ਐੱਲ.-ਐੱਨ. ਨੂੰ 7 ਸੀਟਾਂ ਮਿਲੀਆਂ। ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਅਤੇ ਅਵਾਮੀ ਨੈਸ਼ਨਲ ਪਾਰਟੀ ਨੂੰ ਦੋ-ਦੋ ਸੀਟਾਂ ਮਿਲੀਆਂ। ਆਜ਼ਾਦ ਉਮੀਦਵਾਰਾਂ ਨੇ ਵੀ ਦੋ ਸੀਟਾਂ 'ਤੇ ਜਿੱਤ ਦਰਜ ਕੀਤੀ। ਪੀ.ਐੱਮ.ਐੱਲ.-ਐੱਨ. ਨੇ ਪੰਜਾਬ ਸੂਬੇ ਦੀਆਂ 11 ਵਿਧਾਨਸਭਾ ਸੀਟਾਂ 'ਤੇ ਉਪ ਚੋਣਾਂ ਲੜੀਆਂ, ਜਿਸ ਵਿਚੋਂ 6 'ਤੇ  ਉਸ ਨੂੰ ਜਿੱਤ ਹਾਸਲ ਹੋਈ। ਜਦਕਿ ਪੀ.ਟੀ.ਆਈ. ਨੂੰ 5 ਸੀਟਾਂ ਮਿਲੀਆਂ।

PunjabKesari

ਪੀ.ਐੱਮ.ਐੱਲ.-ਐੱਨ. ਨੂੰ ਪੀ.ਟੀ.ਆਈ. ਦਾ ਗੜ੍ਹ ਮੰਨੇ ਜਾਣ ਵਾਲੇ ਖੈਬਰ ਪਖਤੂਨਖਵਾ ਵਿਚ ਵਿਧਾਨਸਭਾ ਦੀ ਇਕ ਸੀਟ ਹਾਸਲ ਹੋਈ। ਪੀ.ਐੱਮ.ਐੱਲ.-ਐੱਨ. ਨੂੰ ਅਜਿਹੀਆਂ ਕਈਆਂ ਸੀਟਾਂ 'ਤੇ ਜਿੱਤ ਹਾਸਲ ਹੋਈ ਜਿਸ 'ਤੇ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿਚ ਪੀ.ਟੀ.ਆਈ. ਜੇਤੂ ਰਹੀ ਸੀ ਪਰ ਬਾਅਦ ਵਿਚ ਉਸ ਨੇ ਇਹ ਸੀਟਾਂ ਖਾਲੀ ਕਰ ਦਿੱਤੀਆਂ ਸਨ। ਇਨ੍ਹਾਂ ਵਿਚ ਕੌਮੀ ਅਸੈਂਬਲੀ ਦੀਆਂ ਘੱਟੋ-ਘੱਟ ਦੋ ਸੀਟਾਂ ਸ਼ਾਮਲ ਹਨ। ਚੋਣ ਕਮਿਸ਼ਨ ਮੁਤਾਬਕ 92.8 ਲੱਖ ਵੋਟਰ ਵੋਟ ਪਾਉਣ ਦੇ ਯੋਗ ਸਨ। ਕਮਿਸ਼ਨ ਵੱਲੋਂ ਡਿਜ਼ਾਈਨ ਕੀਤੇ ਗਏ ਇਕ ਖਾਸ ਆਨਲਾਈਨ ਪੋਰਟਲ ਜ਼ਰੀਏ ਪਹਿਲੀ ਵਾਰ ਵਿਦੇਸ਼ਾਂ ਵਿਚ ਵੱਸਦੇ ਪਾਕਿਸਤਾਨੀ ਨਗਾਰਿਕਾਂ ਨੇ ਵੀ ਚੋਣਾਂ ਵਿਚ ਹਿੱਸਾ ਲਿਆ। ਕਰੀਬ 7,500 ਵੋਟਿੰਗ ਕੇਂਦਰਾਂ 'ਤੇ ਸੁਰੱਖਿਆ ਮੁਹੱਈਆ ਕਰਾਉਣ ਲਈ ਥਲ ਸੈਨਾ ਦੇ ਹਜ਼ਾਰਾਂ ਜਵਾਨ, ਪੁਲਸ ਕਰਮਚਾਰੀ, ਪੈਰਾਮਿਲਟਰੀ ਰੇਂਜਰਸ ਅਤੇ ਫਰੰਟੀਅਰ ਕੋਰ ਦੇ ਜਵਾਨ ਤਾਇਨਾਤ ਸਨ।


Related News