ਪਾਕਿ : ਕਬਾੜ ''ਚ ਧਮਾਕਾ, 5 ਵਿਅਕਤੀਆਂ ਦੀ ਮੌਤ
Tuesday, Sep 29, 2020 - 06:35 PM (IST)

ਇਸਲਾਮਾਬਾਦ (ਭਾਸ਼ਾ): ਉੱਤਰ ਪੱਛਮੀ ਪਾਕਿਸਤਾਨ ਵਿਚ ਇਕ ਕਬਾੜੀ ਦੇ ਕਬਾੜ ਵਿਚ ਮੰਗਲਵਾਰ ਨੂੰ ਧਮਾਕਾ ਹੋ ਗਿਆ। ਇਸ ਧਮਾਕੇ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਜ਼ਿਲ੍ਹਾ ਪੁਲਸ ਦੇ ਅਧਿਕਾਰੀ ਨਜਮੁਲ ਹਸਨ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਇਕ ਕਰਮਚਾਰੀ ਇਕ ਮੋਰਟਾਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨਾਂ ਨੇ ਦੱਸਿਆ ਕਿ ਧਮਾਕੇ ਨਾਲ ਆਲੇ-ਦੁਆਲੇ ਦੀਆਂ ਦੁਕਾਨਾਂ ਵੀ ਨੁਕਸਾਨੀਆਂ ਗਈਆਂ। ਪੁਲਸ ਇਹ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ ਲੋਹੇ ਦੇ ਕਬਾੜ ਦਾ ਕੰਮ ਕਰਨ ਵਾਲੇ ਇਸ ਕਬਾੜੀ ਨੂੰ ਉਕਤ ਮੋਰਟਾਰ ਕਿਸ ਨੇ ਵੇਚਿਆ ਸੀ। ਉਕਤ ਮੋਰਟਾਰ ਉਸ ਕੋਲ ਕਿਵੇਂ ਪਹੁੰਚਿਆ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਤੱਟ 'ਤੇ ਸਮੁੰਦਰੀ ਜਹਾਜ਼ 'ਚ ਕੋਵਿਡ-19 ਦਾ ਪ੍ਰਕੋਪ
ਹਸਨ ਨੇ ਦੱਸਿਆ ਕਿ ਪੁਲਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨੌਸ਼ੇਰਾ ਜ਼ਿਲ੍ਹੇ ਵਿਚ ਕੋਈ ਹੋਰ ਬਿਨਾਂ ਫਟਿਆ ਹੋਇਆ ਗੋਲਾ ਤਾਂ ਨਹੀਂ ਹੈ। ਨੌਸ਼ੇਰਾ ਜ਼ਿਲ੍ਹਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗੇ ਖੈਬਰ ਪਖਤੂਨਖਵਾ ਸੂਬੇ ਦਾ ਇਕ ਜ਼ਿਲ੍ਹਾ ਹੈ। ਪਾਕਿਸਤਾਨ ਦਾ ਉੱਤਰ ਪੱਛਮ ਖੇਤਰ ਇਕ ਅਜਿਹਾ ਖੇਤਰ ਹੈ ਜਿੱਥੇ ਹਾਲ ਦੇ ਸਾਲਾਂ ਵਿਚ ਅੱਤਵਾਦੀਆਂ ਦੇ ਖਿਲਾਫ਼ ਮਿਲਟਰੀ ਮੁਹਿੰਮਾਂ ਸੰਚਾਲਿਤ ਕੀਤੀਆਂ ਗਈਆਂ ਹਨ। ਸੋਵੀਅਤ ਸੰਘ ਸਮੇਂ ਦੇ ਮੋਰਟਾਰ ਅਤੇ ਬਾਰੂਦੀ ਸੁਰੰਗ ਹਾਲੇ ਵੀ ਉੱਤਰ ਪੱਛਮੀ ਖੇਤਰਾਂ ਵਿਚ ਪਾਏ ਜਾਂਦੇ ਹਨ, ਜਿਸ ਨਾਲ ਹਾਦਸੇ ਵਾਪਰਦੇ ਹਨ।