ਪਾਕਿਸਤਾਨ: ਬਿਲਾਵਲ ਨੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਕੀਤੀ ਮੁਲਾਕਾਤ
Sunday, May 22, 2022 - 01:44 PM (IST)
ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਐਤਵਾਰ ਨੂੰ ਚੀਨ ਦੀ ਆਪਣੀ ਪਹਿਲੀ ਦੁਵੱਲੀ ਯਾਤਰਾ ਦੌਰਾਨ ਗੁਆਂਗਜ਼ੂ ਵਿਚ ਚੀਨੀ ਸਟੇਟ ਕੌਂਸਲਰ ਅਤੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ। ਬਿਲਾਵਲ ਨੇ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖਾਰ ਦੇ ਨਾਲ ਆਪਣੇ ਚੀਨੀ ਹਮਰੁਤਬਾ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰੀ ਬਿਲਾਵਲ ਦੀ ਚੀਨ ਦੀ ਯਾਤਰਾ ਚੀਨ ਨਾਲ ਪਾਕਿਸਤਾਨ ਦੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 71ਵੀਂ ਵਰ੍ਹੇਗੰਢ ਦੇ ਨਾਲ ਮੇਲ ਖਾਂਦੀ ਹੈ ਅਤੇ ਪਾਕਿਸਤਾਨ ਵਿੱਚ ਗਠਜੋੜ ਸਰਕਾਰ ਦੀ ਸਥਾਪਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਪਹਿਲੀ ਉੱਚ ਪੱਧਰੀ ਗੱਲਬਾਤ ਹੈ।
ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ ਨੇ ਰੂਸ ਤੋਂ ਛੋਟ 'ਤੇ ਤੇਲ ਖਰੀਦਣ ਲਈ ਭਾਰਤ ਦੀ ਫਿਰ ਕੀਤੀ ਤਾਰੀਫ਼
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਨੇਤਾ ਵਿਆਪਕ ਸਲਾਹ-ਮਸ਼ਵਰੇ ਕਰਨਗੇ, ਜਿਸ ਦੌਰਾਨ ਪਾਕਿਸਤਾਨ ਅਤੇ ਚੀਨ ਦਰਮਿਆਨ ਮਜ਼ਬੂਤ ਵਪਾਰ ਅਤੇ ਆਰਥਿਕ ਸਹਿਯੋਗ 'ਤੇ ਵਿਸ਼ੇਸ਼ ਧਿਆਨ ਦੇ ਕੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਜਾਵੇਗੀ। ਦੋਹਾਂ ਪੱਖਾਂ ਦਰਮਿਆਨ ਪ੍ਰਮੁੱਖ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵਿਚਾਰਾਂ ਦਾ ਵਿਆਪਕ ਆਦਾਨ-ਪ੍ਰਦਾਨ ਵੀ ਹੋਵੇਗਾ।