ਬਿਲਾਵਲ ਭੁੱਟੋ ਨੇ ਇਮਰਾਨ ਖਾਨ ''ਤੇ ਵਿੰਨ੍ਹਿਆ ਨਿਸ਼ਾਨਾ

11/18/2019 1:41:34 PM

ਇਸਲਾਮਾਬਾਦ (ਬਿਊਰੋ) ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਮੁਖੀ ਬਿਲਾਵਲ ਭੁੱਟੋ ਨੇ ਐਤਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਨਿਸ਼ਾਨਾ ਵਿੰਨ੍ਹਿਆ। ਬਿਲਾਵਲ ਭੁੱਟੋ ਨੇ ਇਮਰਾਨ ਦੇ ਨਵੇਂ ਪਾਕਿਸਤਾਨ ਦੇ ਦਾਅਵੇ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਪਾਕਿਸਤਾਨ ਅਸਹਿਣਸ਼ੀਲਤਾ ਦੇ ਬਹੁਤ ਬੁਰੇ ਦੌਰ ਵਿਚੋਂ ਲੰਘ ਰਿਹਾ ਹੈ। ਬਿਲਾਵਲ ਭੁੱਟੋ ਨੇ ਅੰਤਰਰਾਸ਼ਟਰੀ ਅਸਹਿਣਸ਼ੀਲਤਾ ਦਿਵਸ ਦੇ ਮੌਕੇ 'ਤੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਵਿਚ ਅਸਹਿਣਸ਼ੀਲਤਾ ਵੱਧ ਰਹੀ ਹੈ ਅਤੇ ਦੇਸ਼ ਦੀ ਰਾਜਨੀਤੀ ਵਿਚ ਕੱਟੜਪੰਥ ਦਾਖਲ ਹੋ ਗਿਆ ਹੈ।

ਇਕ ਅੰਗਰੇਜ਼ੀ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਬਿਲਾਵਲ ਨੇ ਪੀ.ਪੀ.ਪੀ. ਦੇ ਕਾਰਜਕਾਲ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਹਮੇਸ਼ਾ ਹੀ ਸਹਿਣਸ਼ੀਲਤਾ, ਬਰਾਬਰੀ ਅਤੇ ਸ਼ਾਂਤੀ ਨੂੰ ਵਧਾਵਾ ਦਿੱਤਾ। ਉਨ੍ਹਾਂ ਨੇ ਇਮਰਾਨ ਖਾਨ ਨੂੰ  ਸਲੈਕਟਿਡ ਪੀ.ਐੱਮ. ਦੱਸਿਆ। ਬਿਲਾਵਲ ਨੇ ਅੱਗੇ ਕਿਹਾ ਕਿ ਇਲੈਕਸ਼ਨ ਦੀ ਜਗ੍ਹਾ ਸਲੈਕਸ਼ਨ ਦੇ ਜ਼ਰੀਏ ਆਏ ਇਮਰਾਨ ਖਾਨ ਦੀ ਸਰਕਾਰ ਪਾਕਿਸਤਾਨ ਦੇ ਲਈ ਬੇਲੋੜੀ ਹੋ ਗਈ ਹੈ। 

ਇੱਥੇ ਦੱਸ ਦਈਏ ਕਿ ਬੀਤੇ ਦਿਨੀਂ ਦਿੱਤੇ ਗਏ ਇਕ ਇੰਟਰਵਿਊ ਵਿਚ ਬਿਲਾਵਲ ਭੁੱਟੋ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਚ ਆਪਣਾ ਕਾਰਜਕਾਲ ਪੂਰਾ ਕਰਨ ਦੀ ਸਮਰੱਥਾ ਨਹੀਂ ਹੈ। ਜਨਤਾ ਦੇ ਵਿਚ ਇਮਰਾਨ ਸਰਕਾਰ ਆਪਣੀ ਸਾਖ (ਭਰੋਸੇਯੋਗਤਾ) ਗਵਾ ਚੁੱਕੀ ਹੈ। ਇਹ ਬਣਾਉਟੀ ਲੋਕਤੰਤਰ ਸਾਨੂੰ ਮਨਜ਼ੂਰ ਨਹੀਂ ਹੈ। ਦੇਸ਼ ਵਿਚ ਲੋਕਤੰਤਰ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਕਿਹਾ ਸੀ ਕਿ ਐਬਟਾਬਾਦ ਵਿਚ ਓਸਾਮਾ ਬਿਨ ਲਾਦੇਨ ਦੀ ਹੱਤਿਆ ਦੇ ਬਾਅਦ ਤੋਂ ਪਾਕਿਸਤਾਨ ਦਾ ਅਕਸ ਖਰਾਬ ਹੋਇਆ ਹੈ। ਜਨਤਾ ਵਿਚ ਭਰੋਸੇ ਦੀ ਕਮੀ ਆਈ ਹੈ। ਦੇਸ਼ ਦੇ ਅਕਸ ਨੂੰ ਪੁਰਾਣੇ ਤਾਨਾਸ਼ਾਹਾਂ ਨੇ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਪੱਛਮੀ ਦੇਸ਼ਾਂ ਨੂੰ ਖੁਸ਼ ਕਰਨ ਦੀ ਬਜਾਏ ਕੱਟੜਪੰਥੀਆਂ ਨਾਲ ਮੁਕਾਬਲਾ ਕਰੇ।


Vandana

Content Editor

Related News