ਪਾਕਿ : ਆਟੋ ਵਾਲੇ ਦੇ ਖਾਤੇ ਤੋਂ 300 ਕਰੋੜ ਦਾ ਲੈਣ-ਦੇਣ, FIA ਨੇ ਕੀਤਾ ਤਲਬ

10/14/2018 5:26:58 PM

ਕਰਾਚੀ (ਭਾਸ਼ਾ)— ਪਾਕਿਸਤਾਨ ਵਿਚ ਇਕ ਆਟੋ ਰਿਕਸ਼ਾ ਡਰਾਈਵਰ ਦੇ ਖਾਤੇ ਤੋਂ 300 ਕਰੋੜ ਰੁਪਏ ਦਾ ਲੈਣ-ਦੇਣ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੀ ਫੈਡਰਲ ਜਾਂਚ ਏਜੰਸੀ (ਐੱਫ.ਆਈ.ਏ.) ਨੇ ਆਟੋ ਰਿਕਸ਼ਾ ਡਰਾਈਵਰ ਨੂੰ ਸੰਮਨ ਜਾਰੀ ਰਕ ਕੇ ਆਪਣਾ ਪੱਖ ਰੱਖਣ ਲਈ ਕਿਹਾ ਹੈ। ਡਰਾਈਵਰ ਦਾ ਨਾਮ ਮੁਹੰਮਦ ਰਸ਼ੀਦ ਹੈ ਅਤੇ ਉਹ ਕਰਾਚੀ ਦਾ ਰਹਿਣ ਵਾਲਾ ਹੈ। ਉਸ ਨੂੰ ਆਪਣੇ ਖਾਤੇ ਵਿਚ ਭਾਰੀ ਰਾਸ਼ੀ ਦੇ ਲੈਣ-ਦੇਣ ਦਾ ਪਤਾ ਉਸ ਸਮੇਂ ਲੱਗਾ ਜਦੋਂ ਐੱਫ.ਆਈ.ਏ. ਨੇ ਉਸ ਨੂੰ ਸੰਮਨ ਭੇਜ ਕੇ ਸਫਾਈ ਮੰਗੀ। 

ਰਸ਼ੀਦ ਨੇ ਕਿਹਾ,''ਮੈਨੂੰ ਫੈਡਰਲ ਜਾਂਚ ਏਜੰਸੀ ਦੇ ਦਫਤਰੋਂ ਫੋਨ ਆਇਆ ਸੀ ਅਤੇ ਉਨ੍ਹਾਂ ਨੇ ਪੁੱਛਗਿੱਛ ਲਈ ਮੈਨੂੰ ਸੱਦਿਆ ਸੀ। ਮੈਂ ਡਰ ਗਿਆ ਸੀ ਕਿਉਂਕਿ ਮੈਂ ਨਹੀਂ ਜਾਣਦਾ ਸੀ ਹੋਇਆ ਕੀ ਹੈ। ਜਦੋਂ ਮੈਂ ਉਨ੍ਹਾਂ ਦੇ ਦਫਤਰ ਗਿਆ ਤਾਂ ਉਨ੍ਹਾਂ ਨੇ ਮੈਨੂੰ ਬੈਂਕ ਖਾਤੇ ਦਾ ਰਿਕਾਰਡ ਦਿਖਾਇਆ।'' ਰਸ਼ੀਦ ਨੇ ਦੱਸਿਆ ਕਿ ਅਧਿਕਾਰੀਆਂ ਨੇ ਮੈਨੂੰ ਕਿਹਾ ਕਿ ਮੇਰੇ ਤਨਖਾਹ ਖਾਤੇ ਵਿਚੋਂ ਕੁਝ 300 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ। ਮੈਂ ਇਹ ਖਾਤਾ ਸਾਲ 2005 ਵਿਚ ਖੁੱਲ੍ਹਵਾਇਆ ਸੀ ਜਦੋਂ ਮੈਂ ਇਕ ਨਿੱਜੀ ਕੰਪਨੀ ਵਿਚ ਡਰਾਈਵਰ ਸੀ। ਰਸ਼ੀਦ ਨੇ ਦੱਸਿਆ ਕਿ ਆਪਣਾ ਕੰਮ ਸ਼ੁਰੂ ਕਰਨ ਦੇ ਕੁਝ ਹੀ ਮਹੀਨਿਆਂ ਬਾਅਦ ਉਸ ਨੇ ਨੌਕਰੀ ਛੱਡ ਦਿੱਤੀ ਸੀ। ਰਸ਼ੀਦ ਮੁਤਾਬਕ 3 ਕਰੋੜ ਰੁਪਏ ਉਸ ਲਈ ਇਕ ਸੁਪਨਾ ਹਨ। ਉਸ ਨੇ ਆਪਣੀ ਜ਼ਿੰਦਗੀ ਵਿਚ ਕਦੇ ਇਕ ਲੱਖ ਰੁਪਏ ਨਹੀਂ ਦੇਖੇ ਹਨ। 

ਰਸ਼ੀਦ ਦਾ ਕਹਿਣਾ ਹੈ ਕਿ ਉਸ ਨੇ ਐੱਫ.ਆਈ.ਏ. ਦੇ ਅਧਿਕਾਰੀਆਂ ਨੂੰ ਆਪਣੀ ਵਿੱਤੀ ਹਾਲਤ ਤੋਂ ਜਾਣੂ ਕਰਵਾਇਆ ਅਤੇ ਉਹ ਉਸ ਦੀ ਦਲੀਲ ਮੰਨਣ ਲਈ ਰਾਜ਼ੀ ਹੋ ਗਏ। ਇੱਥੇ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਕਰਾਚੀ ਦੇ ਇਕ ਫਲ ਵੇਚਣ ਵਾਲੇ ਦੇ ਖਾਤੇ ਵਿਚ 200 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਪਾਈ ਗਈ ਸੀ। ਪਾਕਿਸਤਾਨ ਦੀ ਫੈਡਰਲ ਜਾਂਚ ਏਜੰਸੀ ਮਨੀ ਲਾਂਡਰਿੰਗ ਦੇ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।


Related News