ਪਾਕਿ : ਸਰਕਾਰ ਵਿਰੋਧੀ ਰੈਲੀ ਤੋਂ ਪਹਿਲਾਂ 450 ਤੋਂ ਵਧੇਰੇ ਕਾਰਕੁੰਨਾਂ ਖਿਲਾਫ਼ ਮਾਮਲਾ ਦਰਜ
Thursday, Oct 15, 2020 - 05:19 PM (IST)
ਲਾਹੌਰ (ਭਾਸ਼ਾ): ਪਾਕਿਸਤਾਨ ਵਿਚ ਸਰਕਾਰ ਦੇ ਖਿਲਾਫ਼ ਸ਼ੁੱਕਰਵਾਰ ਨੂੰ ਹੋਣ ਵਾਲੀ ਪਹਿਲੀ ਮਹਾਰੈਲੀ ਤੋਂ ਪਹਿਲਾਂ ਲਾਹੌਰ ਅਤੇ ਪੰਜਾਬ ਸੂਬੇ ਦੇ ਹੋਰ ਇਲਾਕਿਆਂ ਵਿਚ ਵਿਰੋਧੀ ਪਾਰਟੀਆਂ ਦੇ 450 ਤੋਂ ਵਧੇਰੇ ਕਾਰਕੁੰਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗਦੀਓਂ ਲਾਹੁਣ ਲਈ ਬਣਿਆ ਇਕ ਗਠਜੋੜ ਇਹ ਮਹਾਰੈਲੀ ਕਰਨ ਜਾ ਰਿਹਾ ਹੈ। ਪਾਕਿਸਤਾਨ ਦੀਆਂ 11 ਵੱਡੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ 20 ਸਤੰਬਰ ਨੂੰ 'ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ' (ਪੀ.ਡੀ.ਐੱਮ.) ਦੇ ਗਠਨ ਦੀ ਘੋਸ਼ਣਾ ਕੀਤੀ ਸੀ। ਨਾਲ ਹੀ ਇਕ ਕਾਰਵਾਈ ਯੋਜਨਾ ਦੇ ਤਹਿਤ ਤਿੰਨ ਪੜਾਆਂ ਵਿਚ ਸਰਕਾਰ ਵਿਰੋਧੀ ਅੰਦੋਲਨ ਦੀ ਘੋਸ਼ਣਾ ਵੀ ਕੀਤੀ ਗਈ ਸੀ, ਜਿਸ ਦੀ ਸ਼ੁਰੂਆਤ ਦੇਸ਼ ਪੱਧਰੀ ਜਨਸਭਾਵਾਂ, ਪ੍ਰਦਰਸ਼ਨਾਂ ਅਤੇ ਰੈਲੀਆਂ ਨਾਲ ਹੋਣ ਦੀ ਗੱਲ ਕਹੀ ਗਈ ਸੀ।
ਇਸ ਦੇ ਬਾਅਦ ਜਨਵਰੀ 2021 ਵਿਚ ਇਸਲਾਮਾਬਾਦ ਵੱਲੋਂ ਇਕ ਫੈਸਲਾਕੁੰਨ 'ਲੌਂਗ ਮਾਰਚ' ਕੀਤੇ ਜਾਣ ਦੀ ਯੋਜਨਾ ਹੈ। ਪਹਿਲੀ ਸਰਕਾਰ ਵਿਰੋਧੀ ਰੈਲੀ ਸ਼ੁੱਕਰਵਾਰ ਨੂੰ ਲਾਹੌਰ ਤੋਂ ਕਰੀਬ 80 ਕਿਲੋਮੀਟਰ ਦੂਰ ਗੁਜਰਾਂਵਾਲਾ ਸ਼ਹਿਰ ਵਿਚ ਹੋਣ ਦਾ ਪ੍ਰੋਗਰਾਮ ਹੈ। ਇਸ ਦੇ ਬਾਅਦ 18 ਅਕਤੂਬਰ ਨੂੰ ਕਰਾਚੀ ਵਿਚ, ਕਵੇਟਾ ਵਿਚ 25 ਅਕਤੂਬਰ ਨੂੰ, ਪੇਸਾਵਰ ਵਿਚ 22 ਨਵੰਬਰ ਨੂੰ, ਮੁਲਤਾਨ ਵਿਚ 30 ਨਵੰਬਰ ਨੂੰ ਅਤੇ ਫਿਰ 13 ਦਸੰਬਰ ਨੂੰ ਲਾਹੌਰ ਵਿਚ ਇਕ ਰੈਲੀ ਹੋਣ ਦਾ ਪ੍ਰੋਗਰਾਮ ਹੈ। ਵਿਰੋਧੀ ਨੇਤਾਵਾਂ ਨੇ ਇਹ ਘੋਸ਼ਣਾ ਕੀਤੀ ਹੈ ਕਿ ਉਹ ਚੁਣੇ ਗਏ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕਰਨ ਲਈ ਸਾਰੇ ਰਾਜਨੀਤਕ ਅਤੇ ਲੋਕਤੰਤਰੀ ਵਿਕਲਪਾਂ ਦੀ ਵਰਤੋਂ ਕਰਨਗੇ। ਇਹਨਾਂ ਵਿਚ ਅਵਿਸ਼ਵਾਸ ਪ੍ਰਸਤਾਵ ਲਿਆਉਣਾ ਅਤੇ ਸੰਸਦ ਤੋਂ ਵੱਡੇ ਪੱਧਰ 'ਤੇ ਅਸਤੀਫਾ ਦੇਣਾ ਵੀ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖਬਰ- ਇਹਨਾਂ 3 ਦੇਸ਼ਾਂ ਲਈ ਆਸਟ੍ਰੇਲੀਆ ਨੇ ਸ਼ੁਰੂ ਕੀਤੀਆਂ ਹਵਾਈ ਸੇਵਾਵਾਂ
ਵਿਰੋਧੀ ਪਾਰਟੀਆਂ ਨੇ ਦੋਸ਼ ਲਗਾਇਆ ਕਿ ਦੇਸ਼ ਦੀ ਸੈਨਾ ਨੇ 2018 ਦੀਆਂ ਚੋਣਾਂ ਵਿਚ ਅਦਲਾ-ਬਦਲੀ ਅਤੇ ਘਪਲੇਬਾਜ਼ੀ ਕੀਤੀ, ਜਿਸ ਕਾਰਨ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਸੱਤਾ ਵਿਚ ਆਈ। ਵਿਰੋਧੀ ਪਾਰਟੀਆਂ ਦੇਸ਼ ਦੇ ਹਾਲ ਹੀ ਦੇ ਇਤਿਹਾਸ ਵਿਚ ਪਹਿਲੀ ਵਾਰ ਰਾਜਨੀਤੀ ਅਤੇ ਚੋਣਾਂ ਵਿਚ ਸੈਨਾ ਦੀ ਦਖਲ ਅੰਦਾਜ਼ੀ ਦਾ ਖੁੱਲ੍ਹ ਕੇ ਵਿਰੋਧ ਕਰ ਰਹੀਆਂ ਹਨ। ਪੀ.ਡੀ.ਐੱਮ. ਵਿਚ ਮੂਲ ਰੂਪ ਨਾਲ ਮੁੱਖ ਧਾਰਾ ਦੀਆਂ ਤਿੰਨ ਵਿਰੋਧੀ ਪਾਰਟੀਆਂ- ਨਵਾਜ਼ ਸ਼ਰੀਫ ਦੀ ਪੀ.ਐੱਮ.ਐੱਲ.-ਐੱਨ., ਬਿਲਾਵਲ ਭੁੱਟੋ ਜ਼ਰਦਾਰੀ ਦੀ ਪੀ.ਪੀ.ਪੀ. ਅਤੇ ਮੌਲਾਨਾ ਫਜ਼ਲੁਰ ਰਹਿਮਾਨ ਦੀ ਜਮੀਅਤ ਉਲੇਮਾ ਏ ਇਸਲਾਮ ਫਜ਼ਲ ਸ਼ਾਮਲ ਹੈ।
ਇਸ ਵਿਚ ਪੀ.ਡੀ.ਐੱਮ. ਦੇ ਸਰਕਾਰ ਵਿਰੋਧੀ ਪਹਿਲੇ ਵੱਡੇ ਸ਼ਕਤੀ ਪ੍ਰਦਰਸ਼ਨ ਤੋਂ ਪਹਿਲਾਂ ਪੰਜਾਬ ਪੁਲਸ ਹਰਕਤ ਵਿਚ ਆ ਗਈ ਅਤੇ ਉਸ ਨੇ ਪੰਜਾਬ ਸੂਬੇ ਦੇ ਵਿਭਿੰਨ ਹਿੱਸਿਆਂ ਵਿਚ ਕੋਵਿਡ-19 ਉਲੰਘਣਾ ਦੇ ਤਹਿਤ ਵਿਰੋਧੀ ਪਾਰਟੀਆਂ ਦੇ 450 ਤੋਂ ਵਧੇਰੇ ਕਾਰਕੁੰਨਾਂ ਦੇ ਖਿਲਾਫ਼ ਮਾਮਲੇ ਦਰਜ ਕੀਤੇ ਹਨ। ਜਿਹਨਾਂ ਵਿਚ ਜ਼ਿਆਦਾਤਰ ਪੀ.ਐੱਮ.ਐੱਲ.-ਐੱਨ. ਦੇ ਹਨ। ਨਾਲ ਹੀ ਪੀ.ਡੀ.ਐੱਮ. ਦੇ ਦਰਜਨਾਂ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮਾਮਲਾ ਪਾਕਿਸਤਾਨ ਦੰਡ ਕਾਨੂੰਨ ਦੀ ਧਾਰਾ 269 ਅਤੇ 188 ਦੇ ਤਹਿਤ ਦਰਜ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਤਿਆਰ ਕੀਤੀ ਆਤਮਘਾਤੀ ਡਰੋਨ ਆਰਮੀ, ਇੰਝ ਮਚਾਏਗੀ ਤਬਾਹੀ