ਪਾਕਿਸਤਾਨ ਦੇ ਪੰਜਾਬ ਸੂਬੇ ਨੂੰ ਮਿਲਿਆ ਪਹਿਲਾ ਸਿੱਖ ਮੰਤਰੀ, ਚੁੱਕੀ ਅਹੁਦੇ ਦੀ ਸਹੁੰ

Thursday, Mar 07, 2024 - 12:52 PM (IST)

ਪਾਕਿਸਤਾਨ ਦੇ ਪੰਜਾਬ ਸੂਬੇ ਨੂੰ ਮਿਲਿਆ ਪਹਿਲਾ ਸਿੱਖ ਮੰਤਰੀ, ਚੁੱਕੀ ਅਹੁਦੇ ਦੀ ਸਹੁੰ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਲਗਾਤਾਰ ਦੋ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ ਜੋ ਪਹਿਲਾਂ ਕਦੇ ਨਹੀਂ ਹੋਈਆਂ। ਸਭ ਤੋਂ ਪਹਿਲਾਂ ਪੰਜਾਬ ਨੂੰ ਮਰੀਅਮ ਨਵਾਜ਼ ਦੇ ਰੂਪ ਵਿੱਚ ਆਪਣੀ ਪਹਿਲੀ ਮਹਿਲਾ ਮੁੱਖ ਮੰਤਰੀ ਮਿਲੀ। ਹੁਣ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਿੱਖ ਨੂੰ ਮੰਤਰੀ ਬਣਾਇਆ ਗਿਆ ਹੈ। ਨਾਰੋਵਾਲ ਤੋਂ ਵਿਧਾਇਕ ਰਮੇਸ਼ ਸਿੰਘ ਅਰੋੜਾ (48) ਬੁੱਧਵਾਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਪਹਿਲੇ ਵਿਅਕਤੀ ਬਣ ਗਏ ਹਨ।

ਰਮੇਸ਼ ਸਿੰਘ ਅਰੋੜਾ ਨਾਰੋਵਾਲ ਤੋਂ ਤਿੰਨ ਵਾਰ ਪ੍ਰੋਵਿੰਸ਼ੀਅਲ ਅਸੈਂਬਲੀ (ਐਮਪੀਏ) ਦੇ ਮੈਂਬਰ ਹਨ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ, ਮੁੱਖ ਮੰਤਰੀ ਮਰੀਅਮ ਨਵਾਫ਼ ਸ਼ਰੀਫ਼ ਦੀ ਅਗਵਾਈ ਵਾਲੀ ਹਾਲ ਹੀ ਵਿੱਚ ਚੁਣੀ ਗਈ ਪਾਕਿਸਤਾਨ ਮੁਸਲਿਮ ਲੀਗ (ਪੀਐਮਐਲ-ਐਨ) ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ। ਇਹ ਸਮਾਰੋਹ ਲਾਹੌਰ ਦੇ ਗਵਰਨਰ ਹਾਊਸ ਵਿਖੇ ਆਯੋਜਿਤ ਹੋਇਆ। ਮਰੀਅਮ ਦੇ ਚਾਚਾ ਸ਼ਹਿਬਾਜ਼ ਸ਼ਰੀਫ ਨੂੰ ਹਾਲ ਹੀ ਵਿੱਚ ਗੁਆਂਢੀ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ।

'ਦਿ ਇੰਡੀਅਨ ਐਕਸਪ੍ਰੈਸ' ਨਾਲ ਫ਼ੋਨ 'ਤੇ ਗੱਲ ਕਰਦਿਆਂ ਅਰੋੜਾ ਨੇ ਕਿਹਾ, "1947 ਦੀ ਵੰਡ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਸਿੱਖ ਨੂੰ ਪੰਜਾਬ ਸੂਬੇ ਦੀ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਹੈ। ਮੈਂ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਪਾਕਿਸਤਾਨ ਵਿਚ ਰਹਿਣ ਵਾਲੇ ਹਿੰਦੂਆਂ ਅਤੇ ਈਸਾਈਆਂ ਸਮੇਤ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਭਲਾਈ ਲਈ ਕੰਮ ਕਰਾਂਗਾ।" ਅਰੋੜਾ ਨੂੰ ਹਾਲ ਹੀ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦਾ ਪ੍ਰਧਾਨ ਵੀ ਚੁਣਿਆ ਗਿਆ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-'ਸਾਬਕਾ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦੇ ਮਾਮਲੇ 'ਚ ਨਹੀਂ ਹੋਈ ਨਿਰਪੱਖ ਸੁਣਵਾਈ'

ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਅਰੋੜਾ ਨਾਰੋਵਾਲ ਤੋਂ ਮੁੜ ਵਿਧਾਨ ਸਭਾ ਮੈਂਬਰ ਚੁਣੇ ਗਏ ਸਨ। ਉਹ ਇਸ ਥਾਂ ਦੇ ਵਸਨੀਕ ਹਨ। ਇਹ ਉਹੀ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਅੰਤਿਮ ਵਿਸ਼ਰਾਮ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸਥਿਤ ਹੈ। ਪਿਛਲੇ ਸਾਲ ਉਨ੍ਹਾਂ ਨੂੰ ਕਰਤਾਰਪੁਰ ਲਾਂਘੇ ਲਈ "ਰਾਜਦੂਤ" ਵਜੋਂ ਵੀ ਨਿਯੁਕਤ ਕੀਤਾ ਗਿਆ ਸੀ। ਅਰੋੜਾ ਨੇ ਕਿਹਾ ਕਿ 1947 ਦੀ ਵੰਡ ਸਮੇਂ ਉਨ੍ਹਾਂ ਦੇ ਪਰਿਵਾਰ ਨੇ ਜ਼ਿਆਦਾਤਰ ਸਿੱਖ/ਹਿੰਦੂ ਪਰਿਵਾਰਾਂ ਵਾਂਗ ਭਾਰਤ ਵਿੱਚ ਰਹਿਣ ਦੀ ਬਜਾਏ ਪਾਕਿਸਤਾਨ ਵਿੱਚ ਹੀ ਰਹਿਣਾ ਪਸੰਦ ਕੀਤਾ ਸੀ। ਉਸਨੇ ਕਿਹਾ, "ਮੇਰਾ ਜਨਮ ਨਨਕਾਣਾ ਸਾਹਿਬ ਵਿੱਚ ਹੋਇਆ ਸੀ ਪਰ ਬਾਅਦ ਵਿੱਚ ਅਸੀਂ ਨਾਰੋਵਾਲ ਚਲੇ ਗਏ। ਮੇਰੇ ਦਾਦਾ ਜੀ ਨੇ ਆਪਣੇ ਪਿਆਰੇ ਦੋਸਤ ਦੇ ਜ਼ੋਰ ਪਾਉਣ 'ਤੇ ਵੰਡ ਵੇਲੇ ਪਾਕਿਸਤਾਨ ਵਿੱਚ ਰਹਿਣਾ ਚੁਣਿਆ ਸੀ। ਸਿਰਫ਼ ਦੋਸਤੀ ਦੀ ਖ਼ਾਤਰ ਉਨ੍ਹਾਂ ਨੇ ਉੱਥੇ ਰਹਿਣ ਦਾ ਫੈਸਲਾ ਕੀਤਾ ਸੀ।" ਅਰੋੜਾ ਨੂੰ ਘੱਟ ਗਿਣਤੀ ਮਾਮਲਿਆਂ ਦੇ ਵਿਭਾਗ ਦਾ ਚਾਰਜ ਮਿਲਣ ਦੀ ਸੰਭਾਵਨਾ ਹੈ।

ਗੌਰਮਿੰਟ ਕਾਲਜ ਯੂਨੀਵਰਸਿਟੀ, ਲਾਹੌਰ ਤੋਂ ਉੱਦਮਤਾ ਅਤੇ SME ਪ੍ਰਬੰਧਨ ਵਿੱਚ ਇੱਕ ਪੋਸਟ ਗ੍ਰੈਜੂਏਟ, ਅਰੋੜਾ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪਾਕਿਸਤਾਨ ਵਿੱਚ ਵਿਸ਼ਵ ਬੈਂਕ ਦੇ ਗਰੀਬੀ ਹਟਾਓ ਪ੍ਰੋਗਰਾਮ ਲਈ ਕੰਮ ਕੀਤਾ। 2008 ਵਿੱਚ ਉਸਨੇ ਪਾਕਿਸਤਾਨ ਵਿੱਚ ਗਰੀਬਾਂ ਅਤੇ ਬੇਸਹਾਰਿਆਂ ਲਈ ਕੰਮ ਕਰਨ ਵਾਲੀ ਇੱਕ ਸੰਸਥਾ, ਮੋਜਾਜ ਫਾਊਂਡੇਸ਼ਨ ਦੀ ਸਥਾਪਨਾ ਕੀਤੀ। ਤੁਹਾਨੂੰ ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ (50) ਨੇ ਪਿਛਲੇ ਹਫਤੇ ਪਾਕਿਸਤਾਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਅਤੇ ਸਿਆਸੀ ਤੌਰ 'ਤੇ ਮਹੱਤਵਪੂਰਨ ਪੰਜਾਬ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਮਰੀਅਮ ਨੂੰ 74 ਸਾਲਾ ਸਾਬਕਾ ਤਿੰਨ ਵਾਰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਸਿਆਸੀ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News