PAK ਦੇ ਗ੍ਰਹਿ ਮੰਤਰੀ ਦਾ ਵੱਡਾ ਦਾਅਵਾ, ਅਫਗਾਨ ਰਾਜਦੂਤ ਦੀ ਧੀ ਨਹੀਂ ਹੋਈ ਅਗਵਾ
Wednesday, Jul 21, 2021 - 02:51 AM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਮੰਗਲਵਾਰ ਮੁੜ ਦਾਅਵਾ ਕਿ ਅਫਗਾਨਿਸਤਾਨ ਦੇ ਰਾਜਦੂਤ ਦੀ ਧੀ ਅਗਵਾ ਨਹੀਂ ਹੋਈ ਸੀ। ਉਨ੍ਹਾਂ ਰਾਜਦੂਤ ਦੀ ਧੀ ਦੇ ਅਗਵਾ ਮਾਮਲੇ ਦੀ ਜਾਂਚ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਦੱਸ ਦੇਈਏ ਕਿ ਇਸ ਮੁੱਦੇ ’ਤੇ ਦੋਵਾਂ ਗੁਆਂਢੀ ਦੇਸ਼ਾਂ ਦੇ ਰਿਸ਼ਤਿਆਂ ’ਚ ਹੋਰ ਕੁੜੱਤਣ ਆ ਗਈ ਹੈ। ਰਸ਼ੀਦ ਦਾ ਬਿਆਨ ਇਸਲਾਮਾਬਾਦ ਪੁਲਸ ਦੇ ਬਿਆਨ ਤੋਂ ਇਕ ਦਿਨ ਬਾਅਦ ਆਇਆ ਹੈ। ਪੁਲਸ ਨੇ ਕਿਹਾ ਕਿ ਉਸ ਨੂੰ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਅਫਗਾਨਿਸਤਾਨ ਦੇ ਰਾਜਦੂਤ ਨਜੀਬੁੱਲਾ ਅਲੀਖਿਲ ਦੀ 26 ਸਾਲਾ ਧੀ ਸਿਲਸਿਲਾ ਅਲੀਖਿਲ ਦਾ ਇਸਲਾਮਾਬਾਦ ’ਚ ਅਗਵਾ ਹੋਇਆ ਸੀ। ਮੰਤਰੀ ਨੇ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਰਾਜਦੂਤ ਦੀ ਧੀ ਇਸਲਾਮਾਬਾਦ ਤੇ ਗੁਆਂਢੀ ਰਾਵਲਪਿੰਡੀ ਦੇ ਵੱਖ-ਵੱਖ ਸਥਾਨਾਂ ’ਤੇ 4 ਵੱਖ- ਵੱਖ ਟੈਕਸੀਆਂ ਰਾਹੀਂ ਗਈ ਤੇ ਪੁਲਸ ਕੋਲ ਸਾਰੀ ਜਾਣਕਾਰੀ ਹੈ। ਰਸ਼ੀਦ ਨੇ ਕਿਹਾ ਕਿ ਉਨ੍ਹਾਂ ਦੀ ਕਾਰ ’ਚ ਕੋਈ ਨਹੀਂ ਬੈਠਾ ਸੀ। ਇਹ ਅਗਵਾ ਦਾ ਮਾਮਲਾ ਨਹੀਂ ਹੈ।
ਇਹ ਵੀ ਪੜ੍ਹੋ : ਐਮੇਜ਼ਾਨ ਸੰਸਥਾਪਕ ਜੈਫ ਬੇਜੋਸ ਦੀ ਪਹਿਲੀ ਪੁਲਾੜ ਯਾਤਰਾ ਰਹੀ ਕਾਮਯਾਬ, ਬਣਾਏ ਦੋ ਵੱਡੇ ਰਿਕਾਰਡ
ਅਸੀਂ ਕਾਨੂੰਨ ਮੁਤਾਬਕ ਐੱਫ. ਆਰ. ਆਈ. ਦਰਜ ਕੀਤੀ ਹੈ ਤੇ ਉਮੀਦ ਕਰਦੇ ਹਾਂ ਕਿ ਉਹ ਜਾਂਚ ’ਚ ਸ਼ਾਮਲ ਹੋਵੇਗੀ ਤੇ ਅੱਗੇ ਆ ਕੇ ਚਾਰ ਟੈਕਸੀ ਡਰਾਈਵਰਾਂ ਦੀ ਪਛਾਣ ਕਰੇਗੀ, ਜਿਨ੍ਹਾਂ ਦੇ ਵਾਹਨਾਂ ਦੀ ਵਰਤੋਂ ਉਸ ਦਿਨ ਕੀਤੀ ਸੀ। ਉਨ੍ਹਾਂ ਕਿਹਾ ਕਿ ਪਾਕਿ ਸਰਕਾਰ ਸਾਰਾ ਮਾਮਲਾ ਦੇਖ ਰਹੀ ਹੈ ਤੇ ਵਧੀਆ ਹੁੰਦਾ ਜੇ ਅਫਗਾਨ ਰਾਜਦੂਤ ਤੇ ਉਨ੍ਹਾਂ ਦੀ ਧੀ ਦੇਸ਼ ਵਾਪਸ ਨਾ ਜਾਂਦੇ। ਮੰਤਰੀ ਨੇ ਕਿਹਾ ਕਿ ਘਟਨਾ ਦੇ ਫੁਟੇਜ ਤੇ ਸਬੰਧਿਤ ਜਾਣਕਾਰੀ ਵਿਦੇਸ਼ ਵਿਭਾਗ ਨੂੰ ਦਿੱਤੀ ਗਈ ਹੈ ਤੇ ਹੁਣ ਉਹ ਫ਼ੈਸਲਾ ਕਰੇਗਾ ਕਿ ਉਸ ਨੂੰ ਡਿਪਲੋਮੈਟਿਕ ਭਾਈਚਾਰੇ ਨਾਲ ਸਾਂਝਾ ਕਰਨਾ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਪਿਛਲੇ ਸ਼ੁੱਕਰਵਾਰ ਨੂੰ ਰਾਜਦੂਤ ਦੀ ਧੀ ਸਿਲਸਿਲਾ ਨੂੰ ਅਗਵਾ ਕਰ ਕੇ ਕੁੱਟਮਾਰ ਕੀਤੀ ਗਈ ਸੀ। ਪਾਕਿਸਤਾਨ ਨੇ ਇਸ ਮਾਮਲੇ ’ਤੇ ਸਲਾਹ-ਮਸ਼ਵਰੇ ਲਈ ਅਫਗਾਨਿਸਤਾਨ ਤੋਂ ਆਪਣੇ ਰਾਜਦੂਤ ਨੂੰ ਬੁਲਾਇਆ ਹੈ। ਇਸ ਵਿਚਾਲੇ ਰਸ਼ੀਦ ਨੇ ਕਿਹਾ ਕਿ ਪਾਕਿਸਤਾਨ, ਕਾਬੁਲ ’ਚ ਸਰਕਾਰ ਨੂੰ ਲੈ ਕੇ ਅਫਗਾਨਿਸਤਾਨ ਦੇ ਫ਼ੈਸਲੇ ਨੂੰ ਸਵੀਕਾਰ ਕਰੇਗਾ ਤੇ ਪਾਕਿਸਤਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨ ਲਈ ਤਿਆਰ ਹੈ।