ਪਾਕਿਸਤਾਨ ਨੇ ਅਫਗਾਨ ਨਾਗਰਿਕਾਂ ਲਈ ਮੁੜ ਖੋਲ੍ਹੀ ਤੋਰਖਮ ਸਰਹੱਦ

09/15/2021 6:31:19 PM

ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ ਨੇ ਮੰਗਲਵਾਰ ਨੂੰ ਅਫਗਾਨ ਨਾਗਰਿਕਾਂ ਲਈ ਆਪਣੀ ਤੋਰਖਮ ਸਰਹੱਦ ਨੂੰ ਮੁੜ ਖੋਲ੍ਹ ਦਿੱਤਾ ਹੈ। ਇਸ ਦੌਰਾਨ ਸਿਰਫ ਪੈਦਲ ਯਾਤਰੀਆਂ ਨੂੰ ਹੀ ਆਉਣ-ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।ਇਸ ਤੋਂ ਪਹਿਲਾਂ ਇਸਲਾਮਾਬਾਦ ਵੱਲੋਂ ਅਫਗਾਨ ਨਾਗਰਿਕਾਂ ਦੇ ਪਾਕਿਸਤਾਨ ਵਿਚ ਦਾਖਲ ਕਰਨ ਦੀ ਮੰਗ ਨੂੰ ਖਾਰਿਜ ਕਰ ਦਿੱਤੇ ਜਾਣ ਦੇ ਬਾਅਦ ਸੋਮਵਾਰ ਨੂੰ ਤਾਲਿਬਾਨ ਵੱਲੋ ਤੋਰਖਮ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਸੀ।

ਸੋਮਵਾਰ ਨੂੰ ਅਫਗਾਨ ਨਾਗਰਿਕਾਂ ਦੇ ਵਿਚਕਾਰ ਇਹ ਅਫਵਾਹ ਫੈਲਣ ਦੇ ਬਾਅਦ ਕਿ ਪਾਕਿਸਤਾਨ ਨੇ ਉਹਨਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ, ਪਾਕਿਸਤਾਨ ਵਿਚ ਦਾਖਲ ਹੋਣ ਲਈ ਸੈਂਕੜੇ ਲੋਕ ਉਸ ਦਿਨ ਤੋਰਖਮ ਸਰਹੱਦ ਪਾਰ ਕਰਨ ਲਈ ਇਕੱਠੇ ਹੋਏ ਸਨ। ਦੀ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਖੈਬਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੰਸੂਰ ਅਰਸ਼ਦ ਮੁਤਾਬਕ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਲਈ ਆਪਣੇ-ਆਪਣੇ ਦੇਸ਼ਾਂ ਵਿਚ ਪਰਤਣ ਲਈ ਸਰਹੱਦ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ।ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਵਪਾਰਕ ਗਤੀਵਿਧੀਆਂ ਨਿਰਵਿਘਨ ਚੱਲ ਰਹੀਆਂ ਹਨ। 

ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਦਾ ਖ਼ੌਫ : ਪਾਕਿਸਤਾਨ ਪਹੁੰਚੀਆਂ 32 ਅਫਗਾਨਿਸਤਾਨੀ ਮਹਿਲਾ ਫੁੱਟਬਾਲਰ

ਦੀ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ, 15 ਅਗਸਤ ਨੂੰ ਤਾਲਿਬਾਨ ਵੱਲੋਂ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਦੇ ਬਾਅਦ ਤੋਂ 30,000 ਤੋਂ ਵੱਧ ਅਫਗਾਨ ਨਾਗਰਿਕ ਤੋਰਖਮ ਸਰਹੱਦ ਜ਼ਰੀਏ ਆਪਣੇ ਦੇਸ਼ ਪਰਤ ਆਏ ਹਨ ਜਦਕਿ 3,000 ਤੋਂ ਵੱਧ ਪਾਕਿਸਤਾਨੀ ਨਾਗਰਿਕ ਪਾਕਿਸਤਾਨ ਪਰਤੇ ਹਨ।ਹਾਲ ਹੀ ਵਿਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਕਿਹਾ ਸੀ ਕਿ ਅਫਗਾਨਿਸਤਾਨ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਅਫਗਾਨ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਲਈ ਉਹਨਾਂ ਦਾ ਦੇਸ਼ ਕੋਈ ਨਵਾਂ ਕੈਂਪ ਬਣਾਉਣ ਨਹੀਂ ਜਾ ਰਿਹਾ ਹੈ। ਤੋਰਖਮ ਸਰਹੱਦ ਦਾ ਦੌਰਾ ਕਰਨ ਦੇ ਬਾਅਦ ਰਸ਼ੀਦ ਨੇ ਕਿਹਾ ਕਿ ਦੇਸ਼ ਵਿਚ ਪਹਿਲਾਂ ਤੋਂ ਹੀ ਲੱਗਭਗ 30 ਲੱਖ ਅਫਗਾਨ ਸ਼ਰਨਾਰਥੀ ਹਨ ਅਤੇ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਸਰਹੱਦ 'ਤੇ ਲੋਕ ਇਕੱਠੇ ਹੋ ਕੇ ਪਾਕਿਸਤਾਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।


Vandana

Content Editor

Related News