ਪਾਕਿ ਪੁਲਸ ਨੇ ਮਦਰੱਸੇ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਾਵਰ ਬਾਰੇ ਸੂਚਨਾ ਦੇਣ ''ਤੇ ਕੀਤਾ ਇਨਾਮ ਦਾ ਐਲਾਨ
Sunday, Mar 02, 2025 - 11:27 AM (IST)

ਪੇਸ਼ਾਵਰ (ਏਜੰਸੀ)- ਪਾਕਿਸਤਾਨ ਪੁਲਸ ਨੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੇ ਦਾਰੂਲ ਉਲੂਮ ਹੱਕਾਨੀਆ ਮਦਰੱਸੇ ਨੂੰ ਨਿਸ਼ਾਨਾ ਬਣਾਉਣ ਵਾਲੇ ਅਣਪਛਾਤੇ ਆਤਮਘਾਤੀ ਹਮਲਾਵਰ ਬਾਰੇ ਜਾਣਕਾਰੀ ਦੇਣ ਵਾਲੇ ਲਈ ਵਿੱਤੀ ਇਨਾਮ ਦਾ ਐਲਾਨ ਕੀਤਾ ਹੈ। ਇਸ ਹਮਲੇ ਵਿਚ ਮੌਲਾਨਾ ਸਮੀਉਲ ਹੱਕ ਦੇ ਪੁੱਤਰ ਮੌਲਾਨਾ ਹਾਮਿਦੁਲ ਹੱਕ ਹੱਕਾਨੀ ਸਣੇ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ 17 ਹੋਰ ਲੋਕ ਜ਼ਖਮੀ ਹੋ ਗਏ ਸਨ।
ਖੈਬਰ ਪਖਤੂਨਖਵਾ ਪੁਲਸ ਦੇ ਅੱਤਵਾਦ ਵਿਰੋਧੀ ਵਿਭਾਗ ਨੇ ਜਮੀਅਤ ਉਲੇਮਾ-ਏ-ਇਸਲਾਮ (ਸਾਮੀ ਸਮੂਹ) ਦੇ ਮੁਖੀ ਅਤੇ ਨੌਸ਼ਹਿਰਾ ਜ਼ਿਲ੍ਹੇ ਦੇ ਅਕੋਰਾ ਖਟਕ ਵਿੱਚ ਸਥਿਤ ਮਦਰੱਸਾ-ਏ-ਹੱਕਾਨੀਆ ਦੀ ਦੇਖ-ਰੇਖ ਕਰਨ ਵਾਲੇ ਹਾਮਿਦੁਲ ਹੱਕ ਹੱਕਾਨੀ ਦੀ ਹੱਤਿਆ ਕਰਨ ਵਾਲੇ ਆਤਮਘਾਤੀ ਹਮਲਾਵਰ ਬਾਰੇ ਜਾਣਕਾਰੀ ਦੇਣ ਵਾਲੇ ਲਈ 5 ਮਿਲੀਅਨ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।
ਖੈਬਰ ਪਖਤੂਨਖਵਾ ਪੁਲਿਨੇ ਸ਼ੱਕੀ ਆਤਮਘਾਤੀ ਹਮਲਾਵਰ ਦੀ ਤਸਵੀਰ ਵੀ ਜਾਰੀ ਕੀਤੀ ਅਤੇ ਜਨਤਾ ਨੂੰ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਹੱਕਾਨੀ ਦੇ ਪੁੱਤਰ ਮੌਲਾਨਾ ਅਬਦੁਲ ਹੱਕ ਸਾਨੀ ਦੀ ਸ਼ਿਕਾਇਤ 'ਤੇ ਐਫਆਈਆਰ ਦਰਜ ਕੀਤੀ ਗਈ, ਜੋ ਆਪਣੇ ਪਿਤਾ ਦੇ ਨਾਲ ਸੀ ਅਤੇ ਇਸ ਹਮਲੇ ਵਿਚ ਉਹ ਵੀ ਜ਼ਖਮੀ ਹੋਇਆ ਹੈ।