ਪਾਕਿ ਮੀਡੀਆ ਦੀ ਸਰਕਾਰ ਨੂੰ ਅਪੀਲ, ਕਿਹਾ-ਪ੍ਰੈੱਸ ਦੀ ਆਜ਼ਾਦੀ ਦਬਾਉਣ ਲਈ ਇਸ਼ਤਿਹਾਰਾਂ ਦੀ ਨਾ ਕਰੋ ਵਰਤੋਂ

Thursday, Nov 25, 2021 - 07:24 PM (IST)

ਪਾਕਿ ਮੀਡੀਆ ਦੀ ਸਰਕਾਰ ਨੂੰ ਅਪੀਲ, ਕਿਹਾ-ਪ੍ਰੈੱਸ ਦੀ ਆਜ਼ਾਦੀ ਦਬਾਉਣ ਲਈ ਇਸ਼ਤਿਹਾਰਾਂ ਦੀ ਨਾ ਕਰੋ ਵਰਤੋਂ

ਇਸਲਾਮਾਬਾਦ (ਯੂ. ਐੱਨ. ਆਈ.)-ਪਾਕਿਸਤਾਨ ਦੇ ਮੀਡੀਆ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੈੱਸ ਦੀ ਆਜ਼ਾਦੀ ਨੂੰ ਦਬਾਉਣ ਲਈ ਇਸ਼ਤਿਹਾਰਾਂ ਨੂੰ ਹਥਿਆਰ ਵਜੋਂ ਨਾ ਵਰਤਣ। ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਆਲ ਪਾਕਿਸਤਾਨ ਨਿਊਜ਼ਪੇਪਰ ਸੋਸਾਇਟੀ, ਪਾਕਿਸਤਾਨ ਫੈਡਰਲ ਯੂਨੀਅਨ ਆਫ ਜਰਨਲਿਸਟ ਅਤੇ ਪਾਕਿਸਤਾਨ ਬ੍ਰਾਡਕਾਸਟਰਸ ਐਸੋਸੀਏਸ਼ਨ ਨੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਉਪ ਪ੍ਰਧਾਨ ਅਤੇ ਕੇਂਦਰੀ ਸੂਚਨਾ ਮੰਤਰੀ ਦੇ ਬਿਆਨ ’ਤੇ ਚਿੰਤਾ ਜ਼ਾਹਿਰ ਕੀਤੀ ਹੈ, ਜੋ ਪਿਛਲੀ ਸਰਕਾਰ ਦੇ ਸਮੇਂ ’ਚ ਮੀਡੀਆ ਨੂੰ ਇਸ਼ਤਿਹਾਰ ਜਾਰੀ ਕਰਨ ਨਾਲ ਸਬੰਧਤ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਨੇਤਾ ਮਰੀਅਮ ਨਵਾਜ਼ ਸਵੀਕਾਰ ਕਰ ਚੁੱਕੇ ਹਨ ਕਿ ਉਨ੍ਹਾਂ ਨੇ ਅਸਲ ’ਚ ਚੈਨਲ 24, ਏ.ਆਰ.ਵਾਈ. ਨਿਊਜ਼, 92 ਨਿਊਜ਼ ਅਤੇ ਸਮਾ ਨੂੰ ਇਸ਼ਤਿਹਾਰ ਨਾ ਦੇਣ ਦਾ ਨਿਰਦੇਸ਼ ਦਿੱਤਾ ਸੀ। ਫ੍ਰਾਈਡੇ ਟਾਈਮਜ਼ ਨੇ ਬੁੱਧਵਾਰ ਇਕ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ, ‘‘ਹਾਂ, ਮੇਰਾ ਆਡੀਓ (ਸਮਾ ਟੀ.ਵੀ. ਦੇ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ ਕਿ ਪਾਕਿਸਤਾਨ ਦੇ ਸਾਬਕਾ ਚੀਫ਼ ਜਸਟਿਸ ਸਾਕਿਬ ਨਿਸਾਰ ਦੀ ਲੀਕ ਹੋਈ ਆਡੀਓ ਕਲਿੱਪ ਉਨ੍ਹਾਂ ਵੱਲੋਂ ਕਹੀਆਂ ਗਈਆਂ ਗੱਲਾਂ ਦਾ ਹੀ ਸੰਗ੍ਰਹਿ ਹੈ) ਅਸਲੀ ਹੈ। ਮੈਂ ਇਹ ਨਹੀਂ ਕਹਾਂਗਾ ਕਿ ਇਹ ਮੇਰੇ ਵੱਲੋਂ ਦਿੱਤੇ ਗਏ ਵੱਖ-ਵੱਖ ਬਿਆਨਾਂ ਨੂੰ ਜੋੜ-ਤੋੜ ਕੇ ਬਣਾਇਆ ਗਿਆ ਹੈ।

ਇਸ ਤੋਂ ਬਾਅਦ ਕੇਂਦਰੀ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕੁਝ ਅੰਕੜੇ ਸਾਂਝੇ ਕੀਤੇ ਸਨ, ਜਿਨ੍ਹਾਂ ’ਚ ਦਿਖਾਇਆ ਗਿਆ ਸੀ ਕਿ ਪਿਛਲੀ ਸਰਕਾਰ ਦੇ ਸ਼ਾਸਨ ਦੌਰਾਨ ਮੀਡੀਆ ਨੂੰ ਕਿੰਨੇ ਇਸ਼ਤਿਹਾਰ ਜਾਰੀ ਕੀਤੇ ਗਏ ਸਨ। ‘ਦਿ ਨਿਊਜ਼ ਇੰਟਰਨੈਸ਼ਨਲ’ ਦੀ ਰਿਪੋਰਟ ਮੁਤਾਬਕ ਮਰੀਅਮ ਨਵਾਜ਼ ਦੀ ਟਿੱਪਣੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਏ. ਪੀ. ਐੱਨ. ਐੱਸ. ਨੇ ਇਕ ਬਿਆਨ ’ਚ ਕਿਹਾ ਕਿ ਜਾਰੀ ਕੀਤੇ ਗਏ ਅੰਕੜੇ ਨਾ ਸਿਰਫ਼ ਅਧੂਰੇ ਹਨ, ਸਗੋਂ ਮੌਜੂਦਾ ਸਰਕਾਰ ਵੱਲੋਂ ਇਸ਼ਤਿਹਾਰਾਂ ’ਤੇ ਕੀਤੇ ਗਏ ਖਰਚੇ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ ਹੈ। ਬਿਆਨ ’ਚ ਸਰਕਾਰ ਤੋਂ ਪਿਛਲੇ 20 ਸਾਲਾਂ ’ਚ ਮੀਡੀਆ ਨੂੰ ਜਾਰੀ ਕੀਤੇ ਗਏ ਇਸ਼ਤਿਹਾਰਾਂ ਦੇ ਅੰਕੜੇ ਵੀ ਜਾਰੀ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਏ. ਪੀ. ਐੱਨ. ਐੱਸ. ਨੇ ਕਿਹਾ ਕਿ ਸਰਕਾਰ ਨੂੰ ਕਦੇ ਵੀ ਇਸ਼ਤਿਹਾਰਾਂ ਦੀ ਵਰਤੋਂ ਕਿਸੇ ਹਥਿਆਰ ਵਜੋਂ ਨਹੀਂ ਕਰਨੀ ਚਾਹੀਦੀ, ਜੋ ਖ਼ਬਰਾਂ ਨੂੰ ਪ੍ਰਭਾਵਿਤ ਕਰਨ ਤੇ ਜਿਸ ਨਾਲ ਪ੍ਰੈੱਸ ਦੀ ਆਜ਼ਾਦੀ ’ਚ ਰੁਕਾਵਟ ਪੈਦਾ ਹੋਵੇ।
 


author

Manoj

Content Editor

Related News