ਪਾਕਿ ਮੀਡੀਆ ਨੇ ਬਾਜਵਾ ਮਾਮਲੇ ''ਤੇ ਇਮਰਾਨ ਸਰਕਾਰ ਨੂੰ ਲਿਆ ਲੰਬੇ ਹੱਥੀ

Friday, Nov 29, 2019 - 09:00 PM (IST)

ਪਾਕਿ ਮੀਡੀਆ ਨੇ ਬਾਜਵਾ ਮਾਮਲੇ ''ਤੇ ਇਮਰਾਨ ਸਰਕਾਰ ਨੂੰ ਲਿਆ ਲੰਬੇ ਹੱਥੀ

ਇਸਲਾਮਾਬਾਦ(ਭਾਸ਼ਾ)- ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ ਪ੍ਰਮੁੱਖ ਅਖਬਾਰਾਂ ਨੇ ਦੇਸ਼ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਸੇਵਾ ਵਿਸਥਾਰ ਨਾਲ ਸਬੰਧਤ ਸੰਵੇਦਨਸ਼ੀਲ ਮਾਮਲੇ ਨਾਲ ਮੂਰਖਤਾਪੂਰਣ ਤਰੀਕੇ ਨਾਲ ਨਿੱਬੜਨ ਲਈ ਇਮਰਾਨ ਖਾਨ ਸਰਕਾਰ ਦੀ ਨਿੰਦਾ ਕੀਤੀ ਤੇ ਕਿਹਾ ਕਿ ਲੋਕਾਂ ਦਾ ਉਹਨਾਂ ਦੇ ਸ਼ਾਸਨ 'ਤੇ ਭਰੋਸਾ ਸਭ ਤੋਂ ਜ਼ਿਆਦਾ ਘਟਿਆ ਹੈ।

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਜਨਰਲ ਕਮਰ ਜਾਵੇਦ ਬਾਜਵਾ ਨੂੰ ਅਗਲੇ ਛੇ ਮਹੀਨੇ ਲਈ ਫੌਜ ਮੁਖੀ ਦੇ ਤੌਰ 'ਤੇ ਬਣੇ ਰਹਿਣ ਦੀ ਆਗਿਆ ਦੇ ਦਿੱਤੀ ਹੈ। ਬਾਜਵਾ ਫਿਲਹਾਲ ਛੁੱਟੀ 'ਤੇ ਹਨ। ਇਸ ਦੌਰਾਨ ਅਦਾਲਤ ਨੇ ਦੇਸ਼ ਦੀ ਫੌਜ ਬਾਰੇ ਵਿਚ ਸਰਕਾਰ ਨੂੰ ਸਖਤ ਸਵਾਲ ਕੀਤੇ। ਮੁੱਖ ਜੱਜ ਆਸਿਫ ਸਈਦ ਖੋਸਾ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਸਰਕਾਰ ਤੋਂ ਇਹ ਭਰੋਸਾ ਮਿਲਣ ਤੋਂ ਬਾਅਦ ਇਤਿਹਾਸਿਕ ਫੈਸਲਾ ਸੁਣਾਇਆ ਕਿ ਉਹ ਫੌਜ ਮੁਖੀ ਦੇ ਸੇਵਾ ਵਿਸਥਾਰ/ਪੁਨਰਨਿਯੁਕਤੀ 'ਤੇ ਛੇ ਮਹੀਨੇ ਦੇ ਅੰਦਰ ਸੰਸਦ ਵਿਚ ਬਿੱਲ ਪਾਸ ਕਰੇਗੀ। 'ਡਾਨ' ਅਖਬਾਰ ਨੇ ਆਪਣੇ ਸੰਪਾਦਕੀ ਵਿਚ ਲਿਖਿਆ ਕਿ ਤਿੰਨ ਦਿਨ ਚਲੇ ਜ਼ਬਰਦਸਤ ਡਰਾਮੇ ਤੋਂ ਬਾਅਦ ਤੰਤਰ ਨੂੰ ਇਹ ਹੱਲ ਮਿਲਿਆ ਤੇ ਸੰਭਾਵਿਕ ਵਿਰੋਧ ਟਲ ਗਿਆ।

ਅਖਬਾਰ ਨੇ ਲਿਖਿਆ ਕਿ ਸਰਕਾਰ ਨੇ 59 ਸਾਲਾ ਬਾਜਵਾ ਦੇ ਸੇਵਾ ਵਿਸਥਾਰ ਨੂੰ ਲੈ ਕੇ ਜਦੋਂ ਇਕ ਨਵਾਂ ਸਾਰ ਪੇਸ਼ ਕੀਤਾ ਤਾਂ ਇਹ ਫੈਸਲਾ ਸਾਹਮਣੇ ਆਇਆ। ਇਹ ਫੈਸਲਾ ਉਸੇ ਵੇਲੇ ਆਇਆ ਜਦੋਂ ਬਾਜਵਾ ਵੀਰਵਾਰ ਅੱਧੀ ਰਾਤ ਨੂੰ ਸੇਵਾਮੁਕਤ ਹੋਣ ਵਾਲੇ ਸਨ। ‘ਦ ਨਿਊਜ਼ ਇੰਟਰਨੈਸ਼ਨਲ' ਨੇ ਆਪਣੇ ਸੰਪਾਦਕੀ ਵਿਚ ਲਿਖਿਆ ਕਿ ਇਹ ਸਰਕਾਰ ਦੀ ਸਰਾਸਰ ਨਾਕਾਮੀ ਹੈ ਤੇ ਉਸ ਨੇ ਜੋ ਗਲਤੀ ਕੀਤੀ ਹੈ, ਜਿਵੇਂ ਨੋਟੀਫਿਕੇਸ਼ਨ 'ਤੇ ਇੰਨੀ ਜਲਦਬਾਜ਼ੀ ਵਿਚ ਕਾਰਵਾਈ ਕਰਨਾ ਤੇ ਫੌਜ ਦੇ ਕਾਨੂੰਨਾਂ ਜਾਂ ਨਿਯਮਾਂ ਤੋਂ ਅਣਜਾਣ ਪ੍ਰਤੀਤ ਹੋਣਾ, ਇਹ ਸਭ ਭਰੋਸਾ ਜਿੱਤਣ ਵਿਚ ਮਦਦ ਨਹੀਂ ਕਰੇਗਾ। ‘ਦ ਐਕਸਪ੍ਰੈਸ ਟ੍ਰਿਬਿਊਨ ਨੇ ਆਪਣੇ ਸੰਪਾਦਕੀ ਵਿਚ ਲਿਖਿਆ ਕਿ ਖੁਸ਼ਕਿਸਮਤੀ ਨਾਲ ਅਸੀਂ ਸੰਕਟ ਤੋਂ ਬਾਹਰ ਹਾਂ, ਘੱਟ ਤੋਂ ਘੱਟ ਫਿਲਹਾਲ ਤਾਂ। ‘ਬਿਜ਼ਨੈਸ ਰਿਕਾਰਡਰ' ਨੇ ਆਪਣੇ ਸੰਪਾਦਕੀ ਵਿਚ ਜ਼ੋਰ ਦੇ ਕੇ ਕਿਹਾ ਕਿ ਕੀ ਸਿਖਰ ਅਦਾਲਤ ਨੇ ਇਸ ਨੂੰ ਚੁਣਿਆ ਹੈ, ਇਹ ਤਾਂ ਸਰਕਾਰ ਤੇ ਫੌਜ ਲਈ ਬਹੁਤ ਵੱਡੀ ਸ਼ਰਮਿੰਦਗੀ ਹੈ।


author

Baljit Singh

Content Editor

Related News