ਕੋਰੋਨਾ ਵਾਇਰਸ ਦਾ ਕਹਿਰ, ਪਾਕਿ ਨੇ ਵਧਾਈ ਲਾਕਡਾਊਨ ਦੀ ਮਿਆਦ

Friday, Apr 24, 2020 - 11:30 PM (IST)

ਕੋਰੋਨਾ ਵਾਇਰਸ ਦਾ ਕਹਿਰ, ਪਾਕਿ ਨੇ ਵਧਾਈ ਲਾਕਡਾਊਨ ਦੀ ਮਿਆਦ

ਇਸਲਾਮਾਬਾਦ- ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਭਾਰਤ, ਪਾਕਿਸਤਾਨ ਸਣੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਵਾਲਿਆਂ ਦੀ ਗਿਣਤੀ 11,510 ਤੋਂ ਵਧੇਰੇ ਹੋ ਚੁੱਕੀ ਹੈ। ਇਹਨਾਂ ਵਿਚੋਂ 240 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਭਾਰਤ ਵਾਂਗ ਪਾਕਿਸਤਾਨ ਵਿਚ ਵੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਲਾਕਡਾਊਨ ਲਾਇਆ ਗਿਆ ਹੈ ਪਰ ਫਿਰ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਦੇ ਚੱਲਦੇ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਲਾਕਡਾਊਨ ਨੂੰ 15 ਦਿਨਾਂ ਲਈ ਹੋਰ ਵਧਾ ਦਿੱਤਾ ਹੈ। ਪਾਕਿਸਤਾਨ ਦੇ ਪਲਾਨਿੰਗ ਮਿਨਿਸਟਰ ਅਸਦ ਉਮਰ ਨੇ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ। ਹੁਣ ਪਾਕਿਸਤਾਨ ਵਿਚ 9 ਮਈ ਤੱਕ ਲਾਕਡਾਊਨ ਲਾਗੂ ਰਹੇਗਾ।

ਪਾਕਿਸਤਾਨੀ ਮੰਤਰੀ ਅਸਦ ਉਮਰ ਨੇ ਦੱਸਿਆ ਕਿ ਸੂਬਾ ਸਰਕਾਰਾਂ ਨਾਲ ਵਿਚਾਰ ਕਰਨ ਤੋਂ ਬਾਅਦ ਦੇਸ਼ਵਿਆਪੀ ਲਾਕਡਾਊਨ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਉਥੇ ਹੀ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਰਾਸ਼ਟਰੀ ਕਮਾਨ ਤੇ ਸੰਚਾਲਨ ਕੇਂਦਰ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ 79 ਫੀਸਦੀ ਮਾਮਲੇ ਵਾਇਰਸ ਦੇ ਸਥਾਨਕ ਪੱਧਰ 'ਤੇ ਫੈਲਣ ਕਾਰਣ ਸਾਹਮਣੇ ਆਏ ਹਨ। ਅਜੇ ਤੱਕ ਦਾਅਵਾ ਕੀਤਾ ਜਾ ਰਿਹਾ ਸੀ ਕਿ ਪਾਕਿਸਤਾਨ ਵਿਚ ਉਹ ਲੋਕ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ, ਜਿਹਨਾਂ ਨੇ ਵਿਦੇਸ਼ ਯਾਤਰਾ ਕੀਤੀ ਸੀ। ਨਾਲ ਹੀ ਸਥਾਨਕ ਪੱਧਰ 'ਤੇ ਕੋਰੋਨਾ ਵਾਇਰਸ ਦੇ ਫੈਲਣ ਦੇ ਮਾਮਲੇ ਘੱਟ ਸਨ। ਪਰ ਹੁਣ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਸਿਰਫ 21 ਫੀਸਦੀ ਕੋਰੋਨਾ ਵਾਇਰਸ ਦੇ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਨੇ ਵਿਦੇਸ਼ ਯਾਤਰਾ ਕੀਤੀ ਸੀ ਮਤਲਬ ਪਾਕਿਸਤਾਨ ਵਿਚ ਹੁਣ ਸਥਾਨਕ ਪੱਧਰ 'ਤੇ ਕੋਰੋਨਾ ਵਾਇਰਸ ਫੈਲਣ ਦੀ ਰਫਤਾਰ ਤੇਜ਼ ਹੋ ਗਈ ਹੈ।

ਪਾਕਿਸਤਾਨੀ ਅਖਬਾਰ ਡਾਨ ਨੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਕਾਰਜਕਾਰੀ ਡਾਇਰੈਕਟਰ ਮੇਜਰ ਜਨਰਲ ਪ੍ਰੋਫੈਸਰ ਓਮੇਰ ਇਕਰਾਮ ਦੇ ਹਵਾਲੇ ਨਾਲ ਕਿਹਾ ਕਿ ਕੋਰੋਨਾ ਵਾਇਰਸ ਦੇ ਸਥਾਨਕ ਪੱਧਰ 'ਤੇ ਫੈਲਣ ਨਾਲ ਹਾਲਾਤ ਬਦਲ ਗਏ ਹਨ। ਲਿਹਾਜ਼ਾ ਇਸ ਨਾਲ ਨਿਪਟਣ ਦੇ ਲਈ ਨੀਤੀ ਨੂੰ ਬਦਲਣ ਦਾ ਫੈਸਲਾ ਕੀਤਾ ਗਿਆ ਹੈ। ਉਥੇ ਹੀ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 27 ਲੱਖ ਦਾ ਅੰਕੜਾ ਪਾਰ ਕਰ ਗਈ ਹੈ, ਜਿਹਨਾਂ ਵਿਚੋਂ 1.92 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Baljit Singh

Content Editor

Related News