ਕਰਤਾਰਪੁਰ ਲਾਂਘਾ: ਪਾਕਿਸਤਾਨ NRI ਸਿੱਖ ਸ਼ਰਧਾਲੂਆਂ ਲਈ ਬਣਾਏਗਾ ਵੱਖਰੀ ਵੀਜ਼ਾ ਕੈਟਾਗਰੀ

09/06/2019 5:16:03 PM

ਇਸਲਾਮਾਬਾਦ— ਪਾਕਿਸਤਾਨ ਨੇ ਕਰਤਾਰਪੁਰ ਦੇ ਦਰਬਾਰ ਸਾਹਿਬ ਵਿਖੇ ਦਰਸ਼ਨ ਲਈ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਸ਼੍ਰੇਣੀਬੱਧ ਕਰਨ ਦਾ ਫੈਸਲਾ ਕੀਤਾ ਹੈ, ਜਿਸ 'ਚ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਤੇ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੱਖ-ਵੱਖ ਕੈਟਾਗਰੀਆਂ 'ਚ ਰੱਖਿਆ ਜਾਵੇਗਾ। 

ਡਾਨ ਅਖਬਾਰ ਦੀ ਰਿਪੋਰਟ ਅਨੁਸਾਰ ਵਿਦੇਸ਼ ਮੰਤਰਾਲੇ ਨੇ ਕਰਤਾਰਪੁਰ ਲਾਂਘੇ ਲਈ ਆਉਣ ਵਾਲੇ ਸਿੱਖ ਸ਼ਰਧਾਲੂਆਂ ਆਨਲਾਈਨ ਵੀਜ਼ਾ ਪ੍ਰਣਾਲੀ 'ਚ ਧਾਰਮਿਕ ਸ਼੍ਰੇਣੀ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰਾਲੇ ਨੇ ਫੈਸਲਾ ਲਿਆ ਹੈ ਕਿ ਵੀਜ਼ਾ ਅਰਜ਼ੀਆਂ ਦੀਆਂ ਦੋ ਕੈਟਾਗਰੀਆਂ ਰੱਖੀਆਂ ਜਾਣਗੀਆਂ। ਇਕ 'ਚ ਵਿਸ਼ਵ ਦੇ ਕਿਸੇ ਵੀ ਮੁਲਕ ਤੋਂ ਆਉਣ ਵਾਲੇ ਭਾਰਤੀ ਮੂਲ ਦੇ ਸਿੱਖ ਸ਼ਰਧਾਲੂ ਹੋਣਗੇ ਤੇ ਦੂਜੀ 'ਚ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂ ਹੋਣਗੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰਾਲਾ ਪ੍ਰਸਤਾਵਿਤ ਕਦਮਾਂ ਲਈ ਕੈਬਨਿਟ ਤੋਂ ਨੀਤੀ 'ਚ ਸੋਧ ਦੀ ਮੰਗ ਕਰੇਗਾ। ਹਾਲਾਂਕਿ, ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਕਰਤਾਰਪੁਰ ਲਾਂਘੇ ਸਬੰਧੀ ਯਾਤਰੀ ਲਈ ਸਾਰੀਆਂ ਅਰਜ਼ੀਆਂ 'ਤੇ 7 ਤੋਂ 10 ਦਿਨਾਂ ਦੇ ਅੰਦਰ ਕਾਰਵਾਈ ਕੀਤੀ ਜਾਵੇਗੀ।

ਭਾਰਤ ਤੇ ਪਾਕਿਸਤਾਨ ਨੇ ਬੁੱਧਵਾਰ ਨੂੰ ਪ੍ਰਸਤਾਵਿਤ ਕਰਤਾਰਪੁਰ ਲਾਂਘੇ ਲਈ ਸ਼ਰਧਾਲੂਆਂ ਵੱਲੋਂ ਗੁਰਦੁਆਰਾ ਦਰਬਾਰ ਸਾਹਿਬ ਦੀ ਵੀਜ਼ਾ ਮੁਕਤ ਯਾਤਰਾ 'ਤੇ ਸਹਿਮਤੀ ਜਤਾਈ ਪਰ ਇਸ ਲਾਂਘੇ ਦੇ ਕੁਝ ਪਹਿਲੂਆਂ ਨੂੰ ਆਖਰੀ ਰੂਪ ਦੇਣਾ ਅਜੇ ਬਾਕੀ ਹੈ। ਇਸ ਤੋਂ ਪਹਿਲਾਂ, ਦੋਵਾਂ ਧਿਰਾਂ ਨੇ ਸਹਿਮਤੀ ਜਤਾਈ ਸੀ ਕਿ ਪਾਕਿਸਤਾਨ ਹਰ ਰੋਜ਼ 5 ਹਜ਼ਾਰ ਭਾਰਤੀ ਸ਼ਰਧਾਲੂਆਂ ਨੂੰ ਗੁਰਦੁਆਰੇ ਦੇ ਦਰਸ਼ਨ ਕਰਨ ਦੀ ਆਗਿਆ ਦੇਵੇਗਾ ਤੇ ਵਿਸ਼ੇਸ਼ ਮੌਕਿਆਂ ਤੇ ਇਹ ਗਿਣਤੀ ਹੋਰ ਵਧੇਰੇ ਹੋ ਸਕਦੀ ਹੈ। ਪਰ ਦੋਵੇਂ ਗੁਆਂਢੀ ਮੁਲਕ ਬੁੱਧਵਾਰ ਨੂੰ ਲਾਂਘੇ ਦੇ ਖਰੜੇ ਨੂੰ ਅੰਤਮ ਰੂਪ ਨਹੀਂ ਦੇ ਸਕੇ। ਪਾਕਿਸਤਾਨ ਨੇ ਭਾਰਤੀ ਸ਼ਰਧਾਲੂਆਂ ਤੋਂ ਸਰਵਿਸ ਫੀਸ ਵਸੂਲਣ ਤੇ ਪ੍ਰੋਟੋਕੋਲ ਅਧਿਕਾਰੀਆਂ ਨੂੰ ਉਨ੍ਹਾਂ ਨਾਲ ਜਾਣ ਦੀ ਆਗਿਆ ਨਾ ਦੇਣ 'ਤੇ ਜ਼ੋਰ ਦਿੱਤਾ।

ਬੁੱਧਵਾਰ ਨੂੰ ਪਾਕਿਸਤਾਨ ਨੇ ਗੁਰਦੁਆਰੇ ਦੇ ਦਰਸ਼ਨਾਂ ਲਈ ਪ੍ਰਤੀ ਸ਼ਰਧਾਲੂ 20 ਡਾਲਰ ਫੀਸ ਦਾ ਸੁਝਾਅ ਦਿੱਤਾ। ਭਾਰਤ ਨੇ ਕਿਹਾ ਕਿ ਉਸ ਨੂੰ ਇਸ ਰਾਸ਼ੀ ਨਾਲ ਕੋਈ ਮਸਲਾ ਨਹੀਂ ਪਰ ਕੁਝ ਖਾਸ ਮੌਕਿਆਂ 'ਤੇ ਦੁਨੀਆ ਦੇ ਕਿਸੇ ਵੀ ਗੁਰਦੁਆਰੇ ਦੇ ਦਰਸ਼ਨ ਦੌਰਾਨ ਕੋਈ ਫੀਸ ਨਹੀਂ ਲਈ ਜਾਂਦੀ। ਪ੍ਰਸਤਾਵਿਤ ਲਾਂਘਾ ਨਵੰਬਰ 'ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਮੌਕੇ ਕਰਤਾਰਪੁਰ 'ਚ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਵਿਚ ਡੇਰਾ ਬਾਬਾ ਨਾਨਕ ਅਸਥਾਨ ਨਾਲ ਜੋੜੇਗਾ।


Baljit Singh

Content Editor

Related News