ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਸੰਗਠਨ ਦੇ 6 ਮੈਂਬਰ ਬਰੀ
Sunday, Nov 07, 2021 - 11:38 AM (IST)
ਲਾਹੌਰ (ਭਾਸ਼ਾ)- ਲਾਹੌਰ ਹਾਈ ਕੋਰਟ ਨੇ ਸ਼ਨੀਵਾਰ ਇਕ ਹੇਠਲੀ ਅਦਾਲਤ ਦੀ ਦੋਸ਼ਸਿਧੀ ਨੂੰ ਰੱਦ ਕਰਦੇ ਹੋਏ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੀ ਪਾਬੰਦੀਸ਼ੁਦਾ ਜਮਾਤ-ਉਦ-ਦਾਵਾ (ਜੇ.ਯੂ.ਡੀ.) ਦੇ 6 ਸੀਨੀਅਰ ਆਗੂਆਂ ਨੂੰ ਅੱਤਵਾਦ ਦੇ ਵਿੱਤੀ ਪੋਸ਼ਣ ਦੇ ਇਕ ਮਾਮਲੇ ’ਚ ਬਰੀ ਕਰ ਦਿੱਤਾ। ਸਈਦ ਦੀ ਅਗਵਾਈ ਵਾਲੀ ਜਮਾਤ-ਉਦ-ਦਾਵਾ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਦੀ ਇਕ ਅਗਾਂਹਵਧੂ ਜੱਥੇਬੰਦੀ ਹੈ। ਇਹ ਜੱਥੇਬੰਦੀ 13 ਸਾਲ ਪੁਰਾਣੇ ਮੁੰਬਈ ਹਮਲੇ ਨੂੰ ਅੰਜਾਮ ਦੇਣ ਲਈ ਜ਼ਿੰਮੇਵਾਰ ਹੈ। ਉਕਤ ਹਮਲੇ ’ਚ 6 ਅਮਰੀਕੀਆਂ ਸਮੇਤ 166 ਵਿਅਕਤੀ ਮਾਰੇ ਗਏ ਸਨ।
ਪੜ੍ਹੋ ਇਹ ਅਹਿਮ ਖਬਰ - ਕੈਨੇਡਾ 'ਚ ਵਾਪਰੇ ਭਿਆਨਕ ਹਾਦਸੇ 'ਚ ਅੰਮ੍ਰਿਤਸਰ ਦੇ ਗੁਰਸਿੱਖ ਨੌਜਵਾਨ ਰਵਿੰਦਰ ਸਿੰਘ ਦੀ ਮੌਤ
ਸ਼ਨੀਵਾਰ ਨੂੰ ਚੀਫ ਜਸਟਿਸ ਮੁਹੰਮਦ ਅਮੀਰ ਭੱਟੀ ਅਤੇ ਜਸਟਿਸ ਤਾਰਿਕ ਸਲੀਮ ਸ਼ੇਖ ’ਤੇ ਆਧਾਰਤ ਡਵੀਜ਼ਨ ਬੈਂਚ ਨੇ ਆਪਣੇ ਹੁਕਮ ’ਚ ਕਿਹਾ ਕਿ ਇਸਤਿਗਾਸਾ ਪੱਖ ਦੇ ਸਟਾਰ ਗਵਾਹ ਦਾ ਬਿਆਨ ਭਰੋਸੇਯੋਗ ਨਹੀਂ ਹੈ ਕਿਉਂਕਿ ਕੋਈ ਸਬੂਤ ਨਹੀਂ ਹਨ। ਹੇਠਲੀ ਅਦਾਲਤ ਨੇ ਇਨ੍ਹਾਂ ਆਗੂਆਂ ਨੂੰ ਅੱਤਵਾਦ ਦੇ ਵੱਤੀ ਪੋਸ਼ਣ ਦਾ ਜ਼ਿੰਮੇਵਾਰ ਮੰਨਿਆ ਸੀ। ਉਹ ਪੈਸੇ ਇਕੱਠੇ ਕਰ ਰਹੇ ਸਨ ਅਤੇ ਲਸ਼ਕਰ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿੱਤੀ ਮਦਦ ਦੇ ਰਹੇ ਸਨ। ਹੇਠਲੀ ਅਦਾਲਤ ਨੇ ਅੱਤਵਾਦ ਦੇ ਵਿੱਤੀ ਪੋਸ਼ਣ ਰਾਹੀਂ ਇਕੱਠੇ ਕੀਤੇ ਗਏ ਪੈਸਿਆਂ ਨਾਲ ਬਣੀ ਜਾਇਦਾਦ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਸੀ।