ਪਾਕਿਸਤਾਨ ਦੀ ਅੱਤਵਾਦ ਰੋਧੀ ਅਦਾਲਤ ਨੇ ਇਮਰਾਨ ਖਾਨ ਦੀ ਅੰਤਰਿਮ ਜ਼ਮਾਨਤ ਦੀ ਵਧਾਈ ਮਿਆਦ

Tuesday, Sep 13, 2022 - 03:05 PM (IST)

ਪਾਕਿਸਤਾਨ ਦੀ ਅੱਤਵਾਦ ਰੋਧੀ ਅਦਾਲਤ ਨੇ ਇਮਰਾਨ ਖਾਨ ਦੀ ਅੰਤਰਿਮ ਜ਼ਮਾਨਤ ਦੀ ਵਧਾਈ ਮਿਆਦ

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸੋਮਵਾਰ ਨੂੰ ਇਥੇ ਇਕ ਅੱਤਵਾਦ ਰੋਧੀ ਅਦਾਲਤ 'ਚ ਪੇਸ਼ ਹੋਏ ਅਤੇ ਅਦਾਲਤ ਨੇ ਪੁਲਸ ਨਿਆਂਪਾਲਿਕਾ ਅਤੇ ਹੋਰ ਸਰਕਾਰੀ ਸੰਸਥਾਨਾਂ ਨੂੰ ਧਮਕੀ ਦੇਣ ਦੇ ਦੋਸ਼ 'ਚ ਉਨ੍ਹਾਂ ਦੇ ਖ਼ਿਲਾਫ਼ ਦਰਜ ਅੱਤਵਾਦ ਦੇ ਮਾਮਲੇ 'ਚ ਉਨ੍ਹਾਂ ਨੂੰ ਮਿਲੀ ਅੰਤਰਿਮ ਜ਼ਮਾਨਤ 20 ਸਤੰਬਰ ਤੱਕ ਵਧਾ ਦਿੱਤੀ। ਇਮਰਾਨ ਸਖ਼ਤ ਸੁਰੱਖਿਆ ਦੇ ਵਿਚਾਲੇ ਅਦਾਲਤ 'ਚ ਪਹੁੰਚੇ ਅਤੇ ਜੱਜ ਰਾਜਾ ਜਾਵੇਦ ਹਸਨ ਅੱਬਾਸ ਨੇ ਮਾਮਲੇ ਦੀ ਸੁਣਵਾਈ ਕੀਤੀ। 
ਤਿੰਨ ਨੋਟਿਸਾਂ ਦੇ ਬਾਵਜੂਦ ਮਾਮਲੇ ਦੀ ਜਾਂਚ ਲਈ ਇਸਲਾਮਾਬਾਦ ਪੁਲਸ ਵਲੋਂ ਗਠਿਤ ਸੰਯੁਕਤ ਜਾਂਚ ਦਲ (ਜੇ.ਆਈ.ਟੀ) ਦੇ ਸਾਹਮਣੇ ਪੇਸ਼ ਨਹੀਂ ਹੋਣ ਨੂੰ ਲੈ ਕੇ ਖਾਨ ਵਲੋਂ ਦਲੀਲਾਂ ਦਿੱਤੇ ਜਾਣ ਤੋਂ ਬਾਅਦ ਅਦਾਲਤ ਨੇ ਸੁਣਵਾਈ ਨੂੰ 20 ਸਤੰਬਰ ਤੱਕ ਲਈ ਮੁਅੱਤਲ ਕਰ ਦਿੱਤਾ। ਅਦਾਲਤ ਨੇ ਉਸ ਤਾਰੀਕ ਤੱਕ ਸਾਬਕਾ ਪ੍ਰਧਾਨ ਮੰਤਰੀ ਦੀ ਜ਼ਮਾਨਤ ਵਧਾ ਦਿੱਤੀ। ਇਮਰਾਨ ਨੇ ਪਿਛਲੇ ਮਹੀਨੇ ਇਸਲਾਮਾਬਾਦ 'ਚ ਇਕ ਰੈਲੀ ਦੌਰਾਨ ਆਪਣੇ ਸਹਿਯੋਗੀ ਸ਼ਹਿਬਾਜ਼ ਗਿੱਲ ਦੇ ਨਾਲ ਹੋਏ ਵਿਵਹਾਰ ਨੂੰ ਲੈ ਕੇ ਸਾਬਕਾ ਪੁਲਸ ਅਧਿਕਾਰੀਆਂ, ਚੋਣ ਕਮਿਸ਼ਨ ਅਤੇ ਰਾਜਨੀਤਿਕ ਵਿਰੋਧੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ ਸੀ। 
ਗਿੱਲ ਨੂੰ ਰਾਜਦ੍ਰੋਹ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਮਰਾਨ ਦੇ ਭਾਸ਼ਣ ਦੇ ਕੁਝ ਘੰਟੇ ਬਾਅਦ ਹੀ ਉਨ੍ਹਾਂ ਦੇ ਖ਼ਿਲਾਫ਼ ਪੁਲਸ ਨਿਆਂਪਾਲਿਕਾ ਅਤੇ ਹੋਰ ਸੰਸਥਾਨਾਂ ਨੂੰ ਧਮਕੀ ਦੇਣ ਦੇ ਦੋਸ਼ 'ਚ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਅੱਤਵਾਦ ਰੋਧੀ ਅਦਾਲਤ ਨੇ 25 ਅਗਸਤ ਨੂੰ ਇਮਰਾਨ ਖਾਨ ਨੂੰ ਇਕ ਸਤੰਬਰ ਤੱਕ ਜ਼ਮਾਨਤ ਦੇ ਦਿੱਤੀ ਸੀ ਅਤੇ ਸਤੰਬਰ ਨੂੰ ਅਦਾਲਤ ਨੇ ਜ਼ਮਾਨਤ ਦੀ ਮਿਆਦ 12 ਸਤੰਬਰ ਤੱਕ ਵਧਾ ਦਿੱਤੀ ਸੀ। 


author

Aarti dhillon

Content Editor

Related News