ਪੀ. ਐੱਮ. ਬੋਰਿਸ ਜੌਹਨਸਨ ਦਾ ਸਕਾਟਲੈਂਡ ਦੌਰਾ ਨਹੀਂ ਜ਼ਰੂਰੀ: ਨਿਕੋਲਾ ਸਟਰਜਨ
Thursday, Jan 28, 2021 - 03:11 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵਲੋਂ ਵੀਰਵਾਰ ਨੂੰ ਸਕਾਟਲੈਂਡ ਦਾ ਦੌਰਾ ਕਰਨ ਸੰਬੰਧੀ ਬੋਲਦਿਆਂ ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਕੋਰੋਨਾ ਵਾਇਰਸ ਤਾਲਾਬੰਦੀ ਦੀਆਂ ਪਾਬੰਦੀਆਂ ਦੌਰਾਨ ਇਸ ਯਾਤਰਾ ਨੂੰ ਗੈਰ-ਜ਼ਰੂਰੀ ਦੱਸਿਆ ਹੈ।
ਨਿਕੋਲਾ ਸਟਰਜਨ ਨੇ ਇਸ ਸੰਬੰਧੀ ਸੁਝਾਅ ਦਿੰਦਿਆਂ ਕਿਹਾ ਹੈ ਕਿ ਬੋਰਿਸ ਜੌਹਨਸਨ ਨੂੰ ਸਕਾਟਲੈਂਡ ਦਾ ਦੌਰਾ ਰੱਦ ਕਰਨਾ ਚਾਹੀਦਾ ਹੈ ਕਿਉਂਕਿ ਇਹ ਜ਼ਰੂਰੀ ਯਾਤਰਾ ਨਹੀਂ ਹੈ ਅਤੇ ਪ੍ਰਧਾਨ ਮੰਤਰੀ ਦੇ ਵੀਰਵਾਰ ਨੂੰ ਸਕਾਟਲੈਂਡ ਦੀ ਯਾਤਰਾ ਸੰਬੰਧੀ ਨੇਤਾਵਾਂ ਨੂੰ ਵੀ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਕਿ ਆਮ ਲੋਕਾਂ ਲਈ ਲਾਗੂ ਕੀਤੇ ਗਏ ਹਨ।
ਜਦਕਿ ਡਾਉਨਿੰਗ ਸਟ੍ਰੀਟ ਨੇ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਲਈ ਇਸ ਦੌਰੇ ਨੂੰ ਮਹੱਤਵਪੂਰਨ ਦੱਸਿਆ ਹੈ ਅਤੇ ਪ੍ਰਧਾਨ ਮੰਤਰੀ ਦੇ ਇਕ ਬੁਲਾਰੇ ਅਨੁਸਾਰ ਯੂ. ਕੇ. ਸਰਕਾਰ ਦੇ ਪ੍ਰਤੀਨਿਧੀ ਵਜੋਂ ਇਹ ਪ੍ਰਧਾਨ ਮੰਤਰੀ ਦੀ ਇਕ ਬੁਨਿਆਦੀ ਭੂਮਿਕਾ ਹੈ। ਇਸ ਮਾਮਲੇ ਸੰਬੰਧੀ ਰਿਪੋਰਟਾਂ ਦੇ ਆਧਾਰ 'ਤੇ ਬੋਰਿਸ ਜੌਹਨਸਨ ਵੀਰਵਾਰ ਨੂੰ ਤਾਲਾਬੰਦੀ ਪਾਬੰਦੀਆਂ ਤਹਿਤ ਕੋਵਿਡ-19 ਵਿਰੁੱਧ ਲੜਾਈ ਵਿਚ ਸ਼ਾਮਲ ਸਟਾਫ਼ ਦਾ ਧੰਨਵਾਦ ਕਰਨ ਲਈ ਸਕਾਟਲੈਂਡ ਆਉਣਗੇ।