ਤਖਤਾਪਲਟ ਮਗਰੋਂ ਖਾਲਿਦਾ ਜ਼ਿਆ ਦੀ ਚਮਕੀ ਕਿਸਮਤ, ਰਿਹਾਈ ਦਾ ਹੁਕਮ ਜਾਰੀ

Monday, Aug 05, 2024 - 11:56 PM (IST)

ਇੰਟਰਨੈਸ਼ਨਲ ਡੈਸਕ : ਬੰਗਲਾਦੇਸ਼ 'ਚ ਸ਼ੇਖ ਹਸੀਨਾ ਦਾ ਤਖਤਾ ਪਲਟਣ ਤੋਂ ਬਾਅਦ ਹੁਣ ਇਸ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਪ੍ਰਮੁੱਖ ਵਿਰੋਧੀ ਧਿਰ ਦੀ ਨੇਤਾ ਖਾਲਿਦਾ ਜ਼ਿਆ ਨੂੰ ਜੇਲ 'ਚੋਂ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਰਾਸ਼ਟਰਪਤੀ ਨੇ ਇਕ ਹੁਕਮ ਜਾਰੀ ਕਰਕੇ ਉਸ ਦੀ ਤੁਰੰਤ ਜੇਲ੍ਹ 'ਚੋਂ ਕੱਢਣ ਦਾ ਹੁਕਮ ਦਿੱਤੇ ਹਨ।

ਦੱਸ ਦੇਈਏ ਕਿ ਸੋਮਵਾਰ ਨੂੰ ਬੰਗਲਾਦੇਸ਼ 'ਚ ਹਿੰਸਾ ਵਧਣ ਤੋਂ ਬਾਅਦ ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ ਅਤੇ ਦੇਸ਼ ਛੱਡ ਕੇ ਭਾਰਤ ਪਹੁੰਚ ਗਈ। ਇੱਥੇ ਉਸ ਨੂੰ ਗਾਜ਼ੀਆਬਾਦ ਦੇ ਹਿੰਡਨ ਏਅਰਫੋਰਸ ਸਟੇਸ਼ਨ ਦੇ ਸੇਫ ਹਾਊਸ ਵਿੱਚ ਰੱਖਿਆ ਗਿਆ ਹੈ। ਦੱਸ ਦੇਈਏ ਕਿ ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਚੱਲ ਰਿਹਾ ਸੀ ਅਤੇ ਇਸ ਵਿਚ 300 ਤੋਂ ਵੱਧ ਲੋਕ ਮਾਰੇ ਗਏ ਸਨ।

ਸ਼ੇਖ ਹਸੀਨਾ ਦੇ ਬੰਗਲਾਦੇਸ਼ ਛੱਡਣ ਤੋਂ ਬਾਅਦ ਫੌਜ ਮੁਖੀ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਦੇਸ਼ 'ਚ ਅੰਤਰਿਮ ਸਰਕਾਰ ਦਾ ਗਠਨ ਕੀਤਾ ਜਾਵੇਗਾ। ਹਾਲਾਂਕਿ ਜਿਵੇਂ ਹੀ ਸ਼ੇਖ ਹਸੀਨਾ ਦੇ ਦੇਸ਼ ਛੱਡਣ ਦੀ ਖਬਰ ਫੈਲੀ ਤਾਂ ਸੈਂਕੜੇ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਚ ਦਾਖਲ ਹੋ ਗਏ।

ਕੋਟਾ ਸਿਸਟਮ ਦੇ ਖਿਲਾਫ ਹੋ ਰਹੇ ਜ਼ੋਰਦਾਰ ਪ੍ਰਦਰਸ਼ਨ
ਤੁਹਾਨੂੰ ਦੱਸ ਦੇਈਏ ਕਿ ਪ੍ਰਦਰਸ਼ਨਕਾਰੀ ਦੇਸ਼ ਵਿੱਚ ਹਸੀਨਾ ਸਰਕਾਰ ਦੇ ਵਿਵਾਦਤ ਕੋਟਾ ਸਿਸਟਮ ਦਾ ਵਿਰੋਧ ਕਰ ਰਹੇ ਸਨ ਅਤੇ ਇਸ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ। ਇਸ ਕੋਟਾ ਪ੍ਰਣਾਲੀ ਤਹਿਤ 1971 ਦੀ ਆਜ਼ਾਦੀ ਦੀ ਲੜਾਈ ਵਿਚ ਲੜਨ ਵਾਲੇ ਸਾਬਕਾ ਫੌਜੀਆਂ ਦੇ ਪਰਿਵਾਰਾਂ ਲਈ 30 ਫੀਸਦੀ ਨੌਕਰੀਆਂ ਰਾਖਵੀਆਂ ਸਨ, ਜਿਸ ਦਾ ਵਿਰੋਧ ਹੋ ਰਿਹਾ ਸੀ।

ਸੋਮਵਾਰ ਨੂੰ ਉਥੇ ਵਿਦਿਆਰਥੀਆਂ ਦਾ ਵਿਰੋਧ ਹੋਰ ਹਿੰਸਕ ਹੋ ਗਿਆ ਅਤੇ ਕੁਝ ਲੋਕ ਹਸੀਨਾ ਦੇ ਪਿਤਾ ਅਤੇ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ ਬੁੱਤ 'ਤੇ ਚੜ੍ਹ ਗਏ। ਉਸ ਨੇ ਹਥੌੜੇ ਨਾਲ ਬੁੱਤ ਨੂੰ ਤੋੜ ਦਿੱਤਾ। ਇਸ ਤੋਂ ਬਾਅਦ ਬੰਗਲਾਦੇਸ਼ ਦੇ ਫੌਜ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਐਲਾਨ ਕੀਤਾ ਕਿ ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ ਹੈ। ਆਪਣੇ ਸੰਬੋਧਨ ਵਿੱਚ ਫੌਜ ਮੁਖੀ ਨੇ ਕਿਹਾ ਕਿ ਇੱਕ ਅੰਤਰਿਮ ਸਰਕਾਰ ਦੇਸ਼ ਦੀ ਸੱਤਾ ਸੰਭਾਲੇਗੀ।

ਆਰਮੀ ਚੀਫ ਨੇ ਚਾਰਜ ਸੰਭਾਲਿਆ
ਹਸੀਨਾ ਦੇ 15 ਸਾਲਾਂ ਦੇ ਸ਼ਾਸਨ ਦੇ ਅੰਤ ਦਾ ਸੰਕੇਤ ਦਿੰਦੇ ਹੋਏ ਜ਼ਮਾਨ ਨੇ ਕਿਹਾ ਕਿ ਮੈਂ ਦੇਸ਼ ਦੀ ਸਾਰੀ ਜ਼ਿੰਮੇਵਾਰੀ ਲੈ ਰਿਹਾ ਹਾਂ, ਕਿਰਪਾ ਕਰਕੇ ਸਹਿਯੋਗ ਕਰੋ। ਫੌਜ ਮੁਖੀ ਨੇ ਕਿਹਾ ਕਿ ਉਹ ਸਿਆਸੀ ਨੇਤਾਵਾਂ ਨੂੰ ਮਿਲੇ ਹਨ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਫੌਜ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲੇਗੀ। ਹਾਲਾਂਕਿ ਬੈਠਕ 'ਚ ਹਸੀਨਾ ਦੀ ਅਵਾਮੀ ਲੀਗ ਪਾਰਟੀ ਦਾ ਕੋਈ ਨੇਤਾ ਮੌਜੂਦ ਨਹੀਂ ਸੀ।

ਜਿਵੇਂ ਕਿ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਵਧਣ 'ਤੇ ਫੌਜ ਮੁਖੀ ਨੇ ਕਿਹਾ ਕਿ ਉਸਨੇ ਫੌਜ ਤੇ ਪੁਲਸ ਦੋਵਾਂ ਨੂੰ ਗੋਲੀਬਾਰੀ ਨਾ ਕਰਨ ਦੇ ਆਦੇਸ਼ ਦਿੱਤੇ ਹਨ। ਜ਼ਮਾਨ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਅਤੇ ਹਿੰਸਾ ਨੂੰ ਖਤਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਇਨਸਾਫ਼ ਮਿਲੇਗਾ।


Baljit Singh

Content Editor

Related News