ਪਾਕਿਸਤਾਨ 'ਚ ਇਮਰਾਨ ਸਰਕਾਰ ਖ਼ਿਲਾਫ਼ ਅੰਦੋਲਨ ਤੇਜ਼, ਬੇਭਰੋਸਗੀ ਮਤੇ ਦੀ ਤਿਆਰੀ 'ਚ ਵਿਰੋਧੀ ਧਿਰਾਂ

01/13/2022 6:21:11 PM

ਇਸਲਾਮਾਬਾਦ : ਪਾਕਿਸਤਾਨੀ ਸਰਕਾਰ ਦੀਆਂ ਵਿਰੋਧੀ ਧਿਰਾਂ ਦੇ ਗਠਜੋੜ ਨੇ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਦੇ ਅੰਦੋਲਨ ਨੂੰ ਤੇਜ਼ ਕਰਦੇ ਹੋਏ ਅਵਿਸ਼ਵਾਸ ਤਜਵੀਜ਼ 'ਤੇ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਵਿਰੋਧੀ ਗਠਜੋੜ ਦੀ ਸੀਨੀਅਰ ਲੀਡਰਸ਼ਿਪ ਦੀ ਬੈਠਕ 25 ਜਨਵਰੀ ਨੂੰ ਹੋਵੇਗੀ।

ਇਸ 'ਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖ਼ਿਲਾਫ ਅਵਿਸ਼ਵਾਸ ਤਜਵੀਜ਼ ਦੇ ਵਿਕਲਪ 'ਤੇ ਵਿਚਾਰ ਕੀਤਾ ਜਾਵੇਗਾ। ਮੌਲਾਨਾ ਫਜ਼ਲੁਰ ਨੇ ਨੈਸ਼ਨਲ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਵਿਰੋਧੀ ਗਠਜੋੜ ਪਾਰਟੀਆਂ ਮੌਜੂਦਾ ਸਰਕਾਰ ਨੂੰ ਤੁਰੰਤ ਬਰਖ਼ਾਸਤ ਕਰਨ ਦੇ ਵਿਕਲਪਾਂ 'ਤੇ ਵਿਚਾਰ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਟੈਕਸਦਾਤਿਆਂ ਨੂੰ ਵੱਡੀ ਰਾਹਤ, ਸਰਕਾਰ ਨੇ ਇਨਕਮ ਟੈਕਸ ਰਿਟਰਨ ਦੀ ਸਮਾਂ ਮਿਆਦ ਵਧਾਈ

ਫਜ਼ਲ ਨੇ ਕਿਹਾ ਕਿ ਅਸੀਂ ਸਰਕਾਰ ਦੀਆਂ ਗਠਜੋੜ ਪਾਰਟੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਪਾਕਿਸਤਾਨ ਦੇ ਰਾਸ਼ਟਰੀ ਹਿੱਤ ਅਤੇ ਆਮ ਆਦਮੀ ਬਾਰੇ ਸੋਚਣ। ਜਮੀਅਤ ਉਲੇਮਾ-ਏ-ਇਸਲਾਮ ਦੇ ਮੁਖੀ ਨੇ ਕਿਹਾ ਕਿ ਸਰਕਾਰ ਵਿਰੁੱਧ ਲੰਮਾ ਪ੍ਰਦਰਸ਼ਨ ਸ਼ੁਰੂ ਕਰਨਾ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੀਡੀਐਮ 23 ਮਾਰਚ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਅਗਵਾਈ ਵਾਲੀ ਸਰਕਾਰ ਨੂੰ ਹਟਾਉਣ ਲਈ ਰਾਜਧਾਨੀ ਵੱਲ ਮਾਰਚ ਸ਼ੁਰੂ ਕਰੇਗੀ।

ਮੌਲਾਨਾ ਫਜ਼ਲੂਰ ਨੇ ਅੱਗੇ ਕਿਹਾ ਕਿ 25 ਜਨਵਰੀ ਨੂੰ ਹੋਣ ਵਾਲੇ ਸਰਬ ਪਾਰਟੀ ਇਜਲਾਸ ਦੌਰਾਨ ਸਰਕਾਰ ਵਿਰੁੱਧ ਲਾਂਗ ਮਾਰਚ ਕੱਢਣ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਮ ਆਦਮੀ ਦੀਆਂ ਤਕਲੀਫ਼ਾਂ ਦਾ ਕੋਈ ਅਹਿਸਾਸ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਸਰਕਾਰ ਨੂੰ ਆਜ਼ਾਦ ਰਾਜ ਦੀ ਮੁੜ ਉਪਨਿਵੇਸ਼ ਕਰਨ ਦਾ ਅਧਿਕਾਰ ਨਹੀਂ ਦਿੰਦੇ। ਪੀਡੀਐਮ ਮੁਖੀ ਨੇ ਖੈਬਰ ਪਖਤੂਨਖਵਾ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਆਗਾਮੀ ਦੂਜੇ ਪੜਾਅ ਬਾਰੇ ਵੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : McDonald ਦਾ 'ਬਰਗਰ ਬੁਆਏ' ਬਣਿਆ ਮੁਕੇਸ਼ ਅੰਬਾਨੀ ਤੋਂ ਅਮੀਰ, ਸਾਊਦੀ ਪ੍ਰਿੰਸ ਕਰ ਰਹੇ ਹਨ ਦੇਖਭਾਲ

ਪ੍ਰਧਾਨ ਮੰਤਰੀ ਇਮਰਾਨ ਦੀ ਪੀਟੀਆਈ ਸਰਕਾਰ 74 ਸਾਲਾਂ ਦੇ ਇਤਿਹਾਸ ਵਿੱਚ ਸੱਤਾ ਵਿੱਚ ਆਉਣ ਵਾਲੀ ਸਭ ਤੋਂ ਅਯੋਗ ਪਾਰਟੀ : ਸ਼ਾਹਬਾਜ਼ ਸ਼ਰੀਫ

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੀਟੀਆਈ ਸਰਕਾਰ ਦੇਸ਼ ਦੇ 74 ਸਾਲਾਂ ਦੇ ਇਤਿਹਾਸ ਵਿੱਚ ਸੱਤਾ ਵਿੱਚ ਆਉਣ ਵਾਲੀ ਸਭ ਤੋਂ ਅਯੋਗ ਪਾਰਟੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਸਭ ਤੋਂ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ। ਪੀਐੱਮਐੱਲ-ਐੱਨ ਦੇ ਪ੍ਰਧਾਨ ਨੇ ਕਿਹਾ ਕਿ ਫਜ਼ਲ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਵਿਰੁੱਧ ਬੇਭਰੋਸਗੀ ਮਤੇ 'ਤੇ ਚਰਚਾ ਕੀਤੀ ਗਈ ਸੀ ਅਤੇ ਇਸ ਮਹੀਨੇ ਦੇ ਅੰਤ 'ਚ ਬੈਠਕ 'ਚ ਵਿਕਲਪ 'ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਪਾਕਿਸਤਾਨੀ ਨਾਗਰਿਕਾਂ ਦੇ ਹਿੱਤਾਂ ਨਾਲੋਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਹਿੱਤਾਂ ਅਤੇ ਏਜੰਡੇ ਨੂੰ ਪਹਿਲ ਦੇ ਰਹੀ ਹੈ।

ਇਹ ਵੀ ਪੜ੍ਹੋ : ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਸਕਦਾ ਹੈ Paytm, ਮੈਕਵਾਇਰੀ ਇੰਡੀਆ ਨੇ ਟੀਚੇ ਨੂੰ 25% ਤੱਕ ਘਟਾਇਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News