ਫਰਾਂਸ 'ਚ ਵਿਰੋਧੀ ਧਿਰ ਦੀ ਮੰਗ, 'ਪਾਕਿਸਤਾਨੀਆਂ ਦੀ ਐਂਟਰੀ 'ਤੇ ਲਾਇਆ ਜਾਵੇ ਬੈਨ'

11/1/2020 3:56:16 AM

ਪੈਰਿਸ - ਫਰਾਂਸ ਵਿਚ ਅਕਤੂਬਰ ਮਹੀਨੇ ਵਿਚ ਹੋਏ 2 ਅੱਤਵਾਦੀ ਹਮਲਿਆਂ ਤੋਂ ਬਾਅਦ ਇਸਲਾਮਕ ਅੱਤਵਾਦ ਖਿਲਾਫ ਵੱਡੇ ਕਦਮ ਚੁੱਕਣ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਮੈਰਿਨ ਲੇ ਪੇਨ ਨੇ ਹੁਣ ਸਰਕਾਰ ਤੋਂ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਜੁੜੀ ਇਕ ਅਜਿਹੀ ਮੰਗ ਕਰ ਦਿੱਤੀ ਹੈ ਜੋ ਇਨ੍ਹਾਂ ਦੇਸ਼ਾਂ ਵਿਚੋਂ ਖਾਸ ਤੌਰ 'ਤੇ ਪਾਕਿਸਤਾਨ ਦੀਆਂ ਮੁਸ਼ਕਿਲਾਂ ਵਧਾਉਣ ਵਾਲੀਆਂ ਹਨ। ਪੇਨ ਨੇ ਮੰਗ ਕੀਤੀ ਹੈ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆ ਕੇ ਇਥੇ ਵਸਣ ਵਾਲੇ ਅਪ੍ਰਵਾਸੀਆਂ 'ਤੇ ਬੈਨ ਲੱਗਾ ਦੇਣਾ ਚਾਹੀਦਾ। ਉਨ੍ਹਾਂ ਨੇ ਇਹ ਮੰਗ ਦੱਖਣੀ ਏਸ਼ੀਆ ਦੇ ਇਨ੍ਹਾਂ ਦੋਹਾਂ ਦੇਸ਼ਾਂ ਵਿਚ ਹੋਣ ਵਾਲੇ ਰੋਸ-ਮੁਜ਼ਾਹਰਿਆਂ ਦੇ ਚੱਲਦੇ ਕੀਤੀ। ਤੁਹਾਨੂੰ ਦੱਸ ਦਈਏ ਕਿ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਵੱਲੋਂ ਕੀਤੀ ਗਈ ਟਿੱਪਣੀ ਤੋਂ ਨਰਾਜ਼ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਲੋਕ ਵੱਡੇ ਪੈਮਾਨੇ 'ਤੇ ਰੋਸ-ਮੁਜ਼ਾਹਰੇ ਕਰ ਰਹੇ ਹਨ।

ਪਾਕਿ-ਬੰਗਲਾਦੇਸ਼ ਵਿਚ ਹੋ ਰਹੇ ਪ੍ਰਦਰਸ਼ਨ

ਪਾਕਿਸਤਾਨ-ਬੰਗਲਾਦੇਸ਼ ਵਿਚ ਹੋ ਰਹੇ ਰੋਸ-ਮੁਜ਼ਾਹਰਿਆਂ ਨੂੰ ਲੈ ਕੇ ਲੇ ਪੇਨ ਨੇ ਟਵੀਟ ਕਰ ਆਪਣੀ ਮੰਗ ਸਰਕਾਰ ਸਾਹਮਣੇ ਰੱਖੀ ਹੈ। ਫ੍ਰੈਂਚ ਵਿਚ ਕੀਤੇ ਗਏ ਟਵੀਟ ਦਾ ਅਨੁਵਾਦ ਕੁਝ ਇਸ ਤਰ੍ਹਾਂ ਨਾਲ ਹੈ, 'ਅੱਜ ਬੰਗਲਾਦੇਸ਼ ਅਤੇ ਪਾਕਿਸਤਾਨ ਵਿਚ ਨਵੇਂ ਸਿਰੇ ਤੋਂ ਹਿੰਸਕ ਰੋਸ-ਮੁਜ਼ਾਹਰੇ ਹੋਏ ਹਨ। ਇਨ੍ਹਾਂ ਨੂੰ ਦੇਖਦੇ ਹੋਏ ਮੈਂ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਇਨਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਰਾਸ਼ਟਰੀ ਸੁਰੱਖਿਆ ਦੇ ਨਾਂ ਤੁਰੰਤ ਬੈਨ ਕਰ ਦਿੱਤਾ ਜਾਣਾ ਚਾਹੀਦਾ ਹੈ।' ਪਾਕਿ ਅਤੇ ਬੰਗਲਾਦੇਸ਼ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮੁਸਲਮਾਨ ਇਕੱਠਾ ਹੋਏ ਸਨ। ਇਨ੍ਹਾਂ ਲੋਕਾਂ ਨੇ ਰਾਸ਼ਟਰਪਤੀ ਮੈਕਰੋਨ ਦੇ ਪੁਤਲੇ ਸਾੜੇ ਅਤੇ ਸੜਕਾਂ 'ਤੇ ਇਨ੍ਹਾਂ ਦਾ ਪ੍ਰਦਰਸ਼ਨ ਕਿਸੇ ਨੂੰ ਵੀ ਦਹਿਸ਼ਤ ਵਿਚ ਪਾਉਣ ਵਾਲਾ ਸੀ। ਮੈਕਰੋਨ ਇਸ ਵੇਲੇ ਹਰ ਮੁਸਲਿਮ ਦੇਸ਼ ਦੇ ਨਿਸ਼ਾਨੇ 'ਤੇ ਹਨ। 16 ਅਕਤੂਬਰ ਨੂੰ ਜਦ ਇਕ ਅਧਿਆਪਕ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ ਤਾਂ ਮੈਕਰੋਨ ਨੇ ਫਰਾਂਸ ਦੀ ਸੰਸਕ੍ਰਿਤੀ ਦੀ ਤਰੀਫ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਫਰਾਂਸ ਪੈਗੰਬਰ ਮੁਹੰਮਦ ਦੇ ਕਾਰਟੂਨ ਛਾਪਣਾ ਬੰਦ ਨਹੀਂ ਕਰੇਗਾ।

ਮਦਰਸੇ ਵਿਚ ਮੈਕਰੋਨ ਦੇ ਪੁਤਲੇ ਦਾ ਕੀਤਾ ਸਿਰ ਕਲਮ
ਮੁਸਲਮਾਨ ਭਾਈਚਾਰੇ ਦੇ ਲੋਕ ਪੈਗੰਬਰ ਮੁਹੰਮਦ ਦੇ ਕਾਰਟੂਨ ਨੂੰ ਈਸਨਿੰਦਾ ਦੇ ਤਹਿਤ ਮੰਨਦੇ ਹਨ। ਅਧਿਆਪਕ ਦੀ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ ਕਈ ਥਾਂ 'ਤੇ ਫ੍ਰੈਂਚ ਨਾਗਰਿਕਾਂ ਨੇ ਇਨ੍ਹਾਂ ਕਾਰਟੂਨਾਂ ਦਾ ਪ੍ਰਦਰਸ਼ਨ ਕੀਤਾ ਸੀ। ਇਸ ਕਾਰਨ ਮੁਸਲਮਾਨ ਖਾਸੇ ਨਰਾਜ਼ ਹਨ। ਮੈਕਰੋਨ ਨੇ ਹਿਸਟਰੀ ਦੇ ਅਧਿਆਪਕ ਸੈਮੁਅਲ ਪੈਟੀ ਦੀ ਹੱਤਿਆ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਨੂੰ ਇਸਲਾਮਕ ਅੱਤਵਾਦੀਆਂ ਨੇ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਸਾਡਾ ਭਵਿੱਖ ਚਾਹੁੰਦੇ ਸਨ। ਪਰ ਫਰਾਂਸ ਕਾਰਟੂਨਾਂ ਨੂੰ ਨਹੀਂ ਤਿਆਗੇਗਾ। ਸ਼ੁੱਕਰਵਾਰ ਨੂੰ ਪਾਕਿਸਤਾਨ ਵਿਚ ਰੋਸ-ਮੁਜ਼ਾਹਰਿਆਂ ਦੇ ਨਾਂ 'ਤੇ ਮਦਰਸੇ ਵਿਚ ਪੜਾਉਣ ਵਾਲੇ ਅਧਿਆਪਕ ਨੇ ਵਿਦਿਆਰਥੀਆਂ ਦੇ ਸਾਹਮਣੇ ਮੈਕਰੋਨ ਦੇ ਪੁਤਲੇ ਦਾ ਸਿਰ ਕਲਮ ਕਰ ਦਿੱਤਾ। ਇਨ੍ਹਾਂ ਵਿਦਿਆਰਥੀਆਂ ਵਿਚੋਂ ਕਈ ਅਜਿਹੇ ਸਨ ਜਿਨ੍ਹਾਂ ਦੀ ਉਮਰ ਬਹੁਤ ਘੱਟ ਸੀ। ਉਥੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਵੀ ਪ੍ਰਦਰਸ਼ਨ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਇਕ ਪ੍ਰਦਰਸ਼ਨ ਵਿਚ ਕਰੀਬ 40,000 ਲੋਕਾਂ ਨੇ ਹਿੱਸਾ ਲਿਆ ਹੈ ਜਿਸ ਨੂੰ ਇਸਲਾਮੀ ਅੰਦੋਲਨ ਬੰਗਲਾਦੇਸ਼ ਵੱਲੋਂ ਆਯੋਜਿਤ ਕੀਤਾ ਗਿਆ ਸੀ। ਪਾਕਿ ਦੀ ਰਾਜਧਾਨੀ ਇਸਲਾਮਾਬਾਦ ਵਿਚ ਵੀ 2000 ਪ੍ਰਦਰਸ਼ਨਕਾਰੀਆਂ ਨੇ ਫਰਾਂਸ ਦੇ ਦੂਤਘਰ ਤੱਕ ਮਾਰਚ ਕੱਢਿਆ ਸੀ।


Khushdeep Jassi

Content Editor Khushdeep Jassi