ਵੱਡੀ ਖ਼ਬਰ! ਕੈਨੇਡਾ ਪਹੁੰਚ ਕੇ ਹੁਣ ਨਹੀਂ ਹੋਣਾ ਪਵੇਗਾ 14 ਦਿਨਾਂ ਲਈ ਇਕਾਂਤਵਾਸ

10/24/2020 4:30:01 PM

ਟੋਰਾਂਟੋ— ਕੈਨੇਡਾ ਆਉਣ ਵਾਲੇ ਮੁਸਾਫ਼ਰਾਂ ਨੂੰ 14 ਦਿਨ ਦੇ ਇਕਾਂਤਵਾਸ ਤੋਂ ਜਲਦ ਹੀ ਮੁਕਤੀ ਮਿਲਣ ਜਾ ਰਹੀ ਹੈ। ਅਲਬਰਟਾ ਵੱਲੋਂ ਕੌਮਾਂਤਰੀ ਮੁਸਾਫ਼ਰਾਂ ਦਾ ਰੈਪਿਡ ਕਿਟ ਰਾਹੀਂ ਕੋਰੋਨਾ ਟੈਸਟ ਕਰਨ ਦੇ ਐਲਾਨ ਤੋਂ ਤੁਰੰਤ ਬਾਅਦ ਓਂਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਨੇ ਵੀ ਇਹ ਤਰੀਕੇ ਅਪਨਾਉਣ ਦਾ ਫ਼ੈਸਲਾ ਕੀਤਾ ਹੈ।

ਰੈਪਿਡ ਕਿਟ ਨਾਲ ਕੋਰੋਨਾ ਰਿਪੋਰਟ ਕੁਝ ਹੀ ਮਿੰਟਾਂ 'ਚ ਮਿਲ ਜਾਂਦੀ ਹੈ ਅਤੇ ਨਤੀਜਾ ਨੈਗੇਟਿਵ ਹੋਣ ਦੀ ਸੂਰਤ 'ਚ ਮੁਸਾਫ਼ਰ ਨੂੰ ਕੁਆਰੰਟੀਨ ਹੋਣ ਦੀ ਜ਼ਰੂਰਤ ਨਹੀਂ ਪਵੇਗੀ। ਓਂਟਾਰੀਓ ਨੂੰ ਪਿਛਲੇ ਦਿਨੀਂ ਹੀ ਰੈਪਿਡ ਕੋਵਿਡ-19 ਟੈਸਟ ਕਿੱਟਾਂ ਦੀ ਪਹਿਲੀ ਖੇਪ ਮਿਲੀ ਹੈ। ਡੱਗ ਫੋਰਡ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਾਈ 'ਚ ਇਹ ਤਕਨਾਲੋਜੀ 'ਗੇਂਮ ਚੇਂਜਰ' ਸਾਬਤ ਹੋਵੇਗੀ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਹਾਲ ਹੀ 'ਚ ਅਲਬਰਟਾ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਕੈਲਗਰੀ ਕੌਮਾਂਤਰੀ ਹਵਾਈ ਅੱਡੇ ਅਤੇ ਕੋਟਸ ਸਰਹੱਦ ਲਾਂਘੇ 'ਤੇ ਪਾਇਲਟ ਪ੍ਰਾਜਕੈਟ ਦੇ ਤੌਰ 'ਤੇ ਛੇਤੀ ਨਤੀਜੇ ਦੇਣ ਵਾਲੀ ਕੋਰੋਨਾ ਟੈਸਿੰਟਗ ਸ਼ੁਰੂ ਕੀਤੀ ਜਾਵੇਗੀ। ਰਿਪੋਰਟ ਨੈਗੇਟਿਵ ਆਉਣ 'ਤੇ ਕੌਮਾਂਤਰੀ ਮੁਸਾਫ਼ਰਾਂ ਨੂੰ 14 ਦਿਨਾਂ ਦੇ ਲੰਮੇ ਇਕਾਂਤਵਾਸ 'ਚ ਨਹੀਂ ਰਹਿਣਾ ਪਵੇਗਾ। ਇਹ ਪਾਇਲਟ ਪ੍ਰਾਜੈਕਟ ਫੈਡਰਲ ਸਰਕਾਰ ਅਤੇ ਟ੍ਰੈਵਲ ਇੰਡਸਟਰੀ ਦੀ ਭਾਈਵਾਲੀ ਨਾਲ ਨਵੰਬਰ 'ਚ ਸ਼ੁਰੂ ਕੀਤਾ ਜਾਣ ਵਾਲਾ ਹੈ।

ਹਾਲਾਂਕਿ, ਰਿਪੋਰਟ ਨੈਗੇਵਿਟ ਆਉਣ 'ਤੇ ਇੱਥੇ ਪਹੁੰਚਣ ਦੇ 6 ਜਾਂ 7 ਦਿਨਾਂ ਪਿੱਛੋਂ ਇਕ ਵਾਰ ਫਿਰ ਟੈਸਟ ਕਰਾਉਣਾ ਲਾਜ਼ਮੀ ਹੋਵੇਗਾ। ਬੇਸ਼ੱਕ ਨੈਗੇਟਿਵ ਰਿਪੋਰਟ ਤੋਂ ਬਾਅਦ ਇਕਾਂਤਵਾਸ ਤੋਂ ਛੋਟ ਮਿਲੇਗੀ ਪਰ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਹੋਵੇਗਾ। ਪੱਕੇ ਕੈਨੇਡੀਅਨ, ਵਿਦੇਸ਼ੀ ਜਿਨ੍ਹਾਂ ਨੂੰ ਕੈਨੇਡਾ ਸਰਕਾਰ ਵੱਲੋਂ ਇੱਥੇ ਆਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਜਿਨ੍ਹਾਂ 'ਚ ਕੋਈ ਲੱਛਣ ਨਹੀਂ ਹੋਣਗੇ, ਸਿਰਫ ਉਨ੍ਹਾਂ ਨੂੰ  ਇਕਾਂਤਵਾਸ ਨਿਯਮਾਂ 'ਚ ਛੋਟ ਮਿਲੇਗੀ।


Sanjeev

Content Editor

Related News