ਓਂਟਾਰੀਓ ''ਚ ਕੋਰੋਨਾ ਦਾ ਕਹਿਰ, ਦੋ ਦਿਨਾਂ ''ਚ 4,400 ਲੋਕ ਹੋਏ ਵਾਇਰਸ ਦੇ ਸ਼ਿਕਾਰ

Tuesday, Dec 29, 2020 - 10:18 PM (IST)

ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਇਕ ਹੋਰ ਨਵਾਂ ਰਿਕਾਰਡ ਦਰਜ ਕੀਤਾ ਹੈ। ਇੱਥੇ ਦੋ ਦਿਨਾਂ ਵਿਚ ਸੂਬੇ ਵਿਚ 4,400 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਤੇ ਇਸ ਦੌਰਾਨ 78 ਲੋਕਾਂ ਦੀ ਮੌਤ ਹੋਈ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਇੱਥੇ 2,550 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਜਦਕਿ ਸੂਬੇ ਵਿਚ ਇਸ ਦਿਨ ਕੋਰੋਨਾ ਟੈਸਟ ਪਹਿਲਾਂ ਨਾਲੋਂ ਘੱਟ ਹੋਏ ਸਨ। 

ਅਧਿਕਾਰੀਆਂ ਨੇ ਦੱਸਿਆ ਕਿ ਅੱਜ ਟੋਰਾਂਟੋ ਵਿਚ 895 ਨਵੇਂ ਮਾਮਲੇ ਦਰਜ ਹੋਏ ਜੋ ਨਵਾਂ ਰਿਕਾਰਡ ਹਨ, ਇਸ ਦੇ ਇਲਾਵਾ ਪੀਲ ਵਿਚ 496, ਵਿੰਡਸਰ ਐਸੈਕਸ ਕਾਊਂਟੀ ਵਿਚ 147, ਹਮਿਲਟਨ ਵਿਚ 144 ਅਤੇ ਯਾਰਕ ਰੀਜਨ ਵਿਚ 142 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ। ਸਿਹਤ ਮੰਤਰੀ ਕ੍ਰਿਸਟਾਈਨ ਇਲੀਅਟ ਨੇ ਇਸ ਦੀ ਜਾਣਕਾਰੀ ਟਵਿੱਟਰ 'ਤੇ ਸਾਂਝੀ ਕੀਤੀ ਹੈ। 

26 ਦਸੰਬਰ ਨੂੰ ਓਂਟਾਰੀਓ ਵਿਚ ਕੋਰੋਨਾ ਮਾਮਲੇ 2,142 ਦਰਜ ਕੀਤੇ ਗਏ ਸਨ, ਕ੍ਰਿਸਮਸ ਵਾਲੇ ਦਿਨ 2,159 ਅਤੇ 24 ਦਸੰਬਰ ਨੂੰ 2,447 ਲੋਕ ਕੋਰੋਨਾ ਦੇ ਸ਼ਿਕਾਰ ਹੋਏ। ਸੋਮਵਾਰ ਨੂੰ ਸੂਬੇ ਵਿਚ 37 ਅਤੇ ਮੰਗਲਵਾਰ ਨੂੰ 41 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ। ਇਨ੍ਹਾਂ ਵਿਚੋਂ 30 ਲੋਕ ਲਾਂਗ ਟਰਮ ਕੇਅਰ ਸੈਂਟਰ ਵਿਚ ਰਹਿਣ ਵਾਲੇ ਸਨ। ਮਾਰਚ ਤੋਂ ਹੁਣ ਤੱਕ ਸੂਬੇ ਵਿਚ ਕੋਰੋਨਾ ਕਾਰਨ 4,455 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1,51,562 ਲੋਕ ਸਿਹਤਯਾਬ ਹੋ ਚੁੱਕੇ ਹਨ।

ਸੋਮਵਾਰ ਨੂੰ ਸੂਬੇ ਦੀਆਂ ਲੈਬਜ਼ ਵਿਚ 39,565 ਅਤੇ ਮੰਗਲਵਾਰ ਨੂੰ 34,112 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਇਨ੍ਹਾਂ ਵਿਚੋਂ ਸੋਮਵਾਰ ਨੂੰ ਕੋਰੋਨਾ ਪਾਜ਼ੀਟਿਵ ਰੇਟ 8.6 ਅਤੇ ਮੰਗਲਵਾਰ ਨੂੰ 9.7 ਫ਼ੀਸਦੀ ਦਰਜ ਕੀਤਾ ਗਿਆ। 


Sanjeev

Content Editor

Related News