ਓਂਟਾਰੀਓ ''ਚ ਕੋਰੋਨਾ ਨਾਲ ਸਭ ਤੋਂ ਵੱਧ ਇਸ ਉਮਰ ਦੇ ਲੋਕਾਂ ਦੀ ਮੌਤ

06/07/2020 8:09:07 AM

ਟੋਰਾਂਟੋ— ਕੈਨੇਡਾ ਦੇ ਓਂਟਾਰੀਓ 'ਚ ਕੋਵਿਡ-19 ਦੇ ਨਵੇਂ ਮਾਮਲਿਆਂ 'ਚ ਵਾਧਾ ਜਾਰੀ ਹੈ। ਸੂਬੇ 'ਚ ਕੋਰੋਨਾ ਸੰਕ੍ਰਮਿਤਾਂ ਦੀ ਗਿਣਤੀ 30,000 ਨੂੰ ਪਾਰ ਕਰ ਗਈ ਹੈ। ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 455 ਨਵੇਂ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ।

ਸੂਬੇ 'ਚ 35 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 2,407 ਹੋ ਗਈ ਹੈ। ਓਂਟਾਰੀਓ 'ਚ ਕੋਵਿਡ-19 ਮਾਮਲਿਆਂ ਦੀ ਗਿਣਤੀ 30,202 'ਤੇ ਪਹੁੰਚ ਗਈ ਹੈ।

ਸ਼ਨੀਵਾਰ ਨੂੰ ਜਾਰੀ ਬੁਲੇਟਿਨ ਮੁਤਾਬਕ, ਜਨਵਰੀ ਦੇ ਅੱਧ 'ਚ ਇੱਥੇ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਕੋਰੋਨਾ ਵਾਇਰਸ ਕਾਰਨ ਸੂਬੇ 'ਚ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ 1,674 ਲੋਕਾਂ ਦੀ ਮੌਤ ਹੋਈ ਹੈ, ਬਹੁਤ ਵੱਧ ਉਮਰ ਵਾਲੇ ਲੋਕਾਂ 'ਚ ਇਸ ਦਾ ਖਤਰਾ ਕਾਫ਼ੀ ਜ਼ਿਆਦਾ ਹੈ।
60 ਤੋਂ 79 ਸਾਲ ਦੀ ਉਮਰ ਵਿਚਕਾਰ 'ਚ 630 ਮੌਤਾਂ ਹੋ ਚੁੱਕੀਆਂ ਹਨ। ਸੂਬੇ 'ਚ 93 ਹੋਰ ਮ੍ਰਿਤਕ ਮਰੀਜ਼ਾਂ ਦੀ ਉਮਰ 40 ਤੇ 59 ਵਿਚਕਾਰ ਸੀ ਅਤੇ 10 ਵਿਅਕਤੀਆਂ ਦੀ ਉਮਰ 20 ਅਤੇ 39 ਵਿਚਕਾਰ ਸੀ। ਉੱਥੇ ਹੀ, 19 ਸਾਲ ਜਾਂ ਇਸ ਤੋਂ ਘੱਟ ਉਮਰ ਵਿਚਕਾਰ ਕੋਈ ਮੌਤ ਦਰਜ ਨਹੀਂ ਕੀਤੀ ਗਈ ਹੈ। ਹੁਣ ਤੱਕ ਓਂਟਾਰੀਓ 'ਚ ਕੁੱਲ ਮਿਲਾ ਕੇ 8,32,158 ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ 'ਚ 23,105 ਟੈਸਟ ਕੀਤੇ ਗਏ ਹਨ।


Sanjeev

Content Editor

Related News