ਓਂਟਾਰੀਓ ਮੁੱਖ ਮੰਤਰੀ ਦੀ ਚਿਤਾਵਨੀ- ''ਜਲਦ ਕਰਾਂਗੇ ਨਵੀਆਂ ਕੋਰੋਨਾ ਪਾਬੰਦੀਆਂ ਦਾ ਐਲਾਨ''
Thursday, Nov 19, 2020 - 12:42 PM (IST)
ਕੈਲਗਰੀ- ਕੈਨੇਡਾ ਦੇ ਸੂਬੇ ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਉਹ ਕੋਰੋਨਾ ਦੇ ਮੱਦੇਨਜ਼ਰ ਅਗਲੇ ਹਫ਼ਤੇ ਤੋਂ ਨਵੀਂਆਂ ਪਾਬੰਦੀਆਂ ਲਾਉਣ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਮਹੀਨੇ ਤੱਕ ਸੂਬੇ ਵਿਚ ਕੋਰੋਨਾ ਦੇ ਮਾਮਲੇ ਹੱਦ ਤੋਂ ਵੱਧ ਸਕਦੇ ਹਨ। ਇਸ ਲਈ ਉਹ ਸਖ਼ਤ ਕਦਮ ਚੁੱਕਣ ਦੀ ਤਿਆਰੀ ਵਿਚ ਹਨ।
ਕੁਈਨਜ਼ ਪਾਰਕ ਵਿਚ ਬੁੱਧਵਾਰ ਨੂੰ ਬੋਲਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਕੁਝ ਖੇਤਰ ਕੋਰੋਨਾ ਦੀ ਲਪੇਟ ਵਿਚ ਬੁਰੀ ਤਰ੍ਹਾਂ ਆ ਚੁੱਕੇ ਹਨ। ਸਭ ਤੋਂ ਵੱਧ ਪ੍ਰਭਾਵਿਤ ਟੋਰਾਂਟੋ, ਪੀਲ ਰੀਜਨ ਤੇ ਯਾਰਕ ਰੀਜਨ ਹਨ, ਜਿੱਥੇ ਖ਼ਤਰਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ।
ਦੱਸ ਦਈਏ ਕਿ ਓਂਟਾਰੀਓ ਵਿਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ ਤੇ ਇਸ ਵਾਰ ਪਹਿਲੀ ਵਾਰ ਨਾਲੋਂ ਵੱਧ ਮੌਤਾਂ ਹੋ ਰਹੀਆਂ ਹਨ, ਜੋ ਚਿੰਤਾਜਨਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਇਸ ਸਬੰਧੀ ਸਿਹਤ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਤੇ ਸੂਬੇ ਵਿਚ ਨਵੀਆਂ ਪਾਬੰਦੀਆਂ ਜਾਂ ਹਿਦਾਇਤਾਂ ਦੀ ਘੋਸ਼ਣਾ ਅਗਲੇ ਹਫਤੇ ਤੱਕ ਕੈਬਨਿਟ ਵਿਚ ਕੀਤੀ ਜਾ ਸਕਦੀ ਹੈ।