ਓਂਟਾਰੀਓ : ਹਸਪਤਾਲਾਂ ਦੇ ਆਈ. ਸੀ. ਯੂ. ''ਚ ਪਹਿਲੀ ਵਾਰ ਦਾਖ਼ਲ ਹੋਏ ਇੰਨੇ ਮਰੀਜ਼
Saturday, Jan 09, 2021 - 09:16 PM (IST)
ਓਟਾਵਾ- ਓਂਟਾਰੀਓ ਸੂਬੇ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 3,443 ਨਵੇਂ ਮਾਮਲੇ ਦਰਜ ਹੋਏ ਹਨ ਤੇ ਇਸ ਦੇ ਨਾਲ ਹੀ ਇੱਥੇ ਇਸ ਦੌਰਾਨ 40 ਹੋਰ ਲੋਕਾਂ ਦੀ ਮੌਤ ਹੋ ਗਈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਹਸਪਤਾਲ ਵਿਚ ਇਲ਼ਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਵਿਚ ਤਾਂ ਵਾਧਾ ਹੋਇਆ ਹੀ ਹੈ, ਇਸ ਦੇ ਨਾਲ ਹੀ ਆਈ. ਸੀ. ਯੂ. ਵਿਚ ਭਰਤੀ ਲੋਕਾਂ ਦੀ ਗਿਣਤੀ ਵੀ ਰਿਕਾਰਡ ਪੱਧਰ 'ਤੇ ਦਰਜ ਹੋਈ ਹੈ। ਸ਼ਨੀਵਾਰ ਨੂੰ ਆਈ. ਸੀ. ਯੂ. ਵਿਚ 400 ਮਰੀਜ਼ ਦਾਖ਼ਲ ਹਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 4,249 ਦਰਜ ਹੋਈ ਸੀ ਅਤੇ ਵੀਰਵਾਰ ਨੂੰ 3,519 ਲੋਕ ਕੋਰੋਨਾ ਦੇ ਸ਼ਿਕਾਰ ਹੋਏ। ਗ੍ਰੇਟਰ ਟੋਰਾਂਟੋ ਖੇਤਰ ਵਿਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਦਰਜ ਹੋਏ ਹਨ। ਹਾਲਾਂਕਿ ਤਾਲਾਬੰਦੀ ਦੇ ਬਾਵਜੂਦ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਨਵਾਂ ਰਿਕਾਰਡ ਦਰਜ ਕਰ ਰਹੀ ਹੈ।
ਸਿਹਤ ਅਧਿਕਾਰੀ ਮੁਤਾਬਕ ਕ੍ਰਿਸਟਾਈਨ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਕਿ ਇਸ ਦੌਰਾਨ ਟੋਰਾਂਟੋ ਵਿਚ 1,070, ਪੀਲ ਵਿਚ 548, ਯਾਰਕ ਰੀਜਨ ਵਿਚ 303, ਵਿੰਡਸਰ-ਅਸੈਕਸ ਕਾਊਂਟੀ ਵਿਚ 282, ਓਟਾਵਾ ਵਿਚ 179 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ।