ਓਂਟਾਰੀਓ ਦੇ ਸਕੂਲਾਂ ''ਚ ਵੱਧ ਰਹੇ ਕੋਰੋਨਾ ਦੇ ਮਾਮਲੇ ਚਿੰਤਾਜਨਕ, ਜਲਦ ਲੱਭਾਂਗੇ ਹੱਲ : ਸਿੱਖਿਆ ਮੰਤਰੀ

11/18/2020 5:18:50 PM

ਓਂਟਾਰੀਓ- ਕੈਨੇਡਾ ਦਾ ਸੂਬਾ ਓਂਟਾਰੀਓ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ। ਇੱਥੇ ਸਖ਼ਤ ਪਾਬੰਦੀਆਂ ਦੇ ਬਾਵਜੂਦ ਸਕੂਲਾਂ ਨੂੰ ਖੋਲ੍ਹਿਆ ਜਾ ਰਿਹਾ ਹੈ। ਸੂਬੇ ਦੇ ਸਿੱਖਿਆ ਮੰਤਰੀ ਸਟੇਫਨ ਲੈਸ ਨੇ ਮੰਗਲਵਾਰ ਨੂੰ ਕਿਹਾ ਕਿ ਸੂਬੇ ਵਿਚ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਸਕੂਲਾਂ ਨੂੰ ਬੰਦ ਕਰਨ ਦਾ ਵਿਚਾਰ ਹੈ। ਹੋ ਸਕਦਾ ਹੈ ਕਿ ਇਸ ਨਾਲ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕੁਝ ਕਮੀ ਆ ਸਕੇ। ਜੇਕਰ ਜਲਦੀ ਸਕੂਲਾਂ ਨੂੰ ਬੰਦ ਕੀਤਾ ਜਾਵੇ, ਤਾਂ ਹੱਲ ਮਿਲ ਸਕਦਾ ਹੈ।

ਉਨ੍ਹਾਂ ਕਿਹਾ ਕਿ ਉਹ ਬਹੁਤ ਧਿਆਨ ਨਾਲ ਕੋਰੋਨਾ ਤੋਂ ਬਚਾਅ ਦਾ ਹੱਲ ਲੱਭ ਰਹੇ ਹਨ ਪਰ ਅਜੇ ਤੱਕ ਕੋਈ ਅਜਿਹਾ ਠੋਸ ਹੱਲ ਨਹੀਂ ਮਿਲ ਸਕਿਆ, ਜਿਸ ਨਾਲ ਕੋਰੋਨਾ ਵਾਇਰਸ ਨੂੰ ਕਾਬੂ ਕੀਤਾ ਜਾ ਸਕੇ ਤੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਨਾਲ-ਨਾਲ ਚੱਲਦੀ ਰਹੇ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਸਕੂਲਾਂ ਵਿਚ ਕੋਰੋਨਾ ਵਾਇਰਸ ਦਸਤਕ ਦੇ ਚੁੱਕਾ ਹੈ, ਜਿਸ ਕਾਰਨ ਵੱਡੀ ਗਿਣਤੀ ਵਿਚ ਵਿਦਿਆਰਥੀ ਤੇ ਸਕੂਲ ਸਟਾਫ਼ ਇਕਾਂਤਵਾਸ ਵਿਚ ਰਹਿਣ ਲਈ ਮਜਬੂਰ ਹੈ। 

ਓਂਟਾਰੀਓ ਨੇ ਮੱਧ ਸਤੰਬਰ ਵਿਚ ਲਗਭਗ 4800 ਸਕੂਲ ਖੋਲ੍ਹ ਦਿੱਤੇ ਸਨ। ਇਸ ਦੇ ਬਾਅਦ ਲਗਭਗ ਹਰ ਰੋਜ਼ ਕੋਰੋਨਾ ਦੇ 100 ਮਾਮਲੇ ਸਕੂਲਾਂ ਨਾਲ ਹੀ ਸਬੰਧਤ ਰਹੇ। ਦੱਸ ਦਈਏ ਕਿ ਕੋਰੋਨਾ ਦੇ ਮਾਮਲਿਆਂ ਵਿਚੋਂ 14 ਫ਼ੀਸਦੀ ਮਾਮਲੇ ਸਕੂਲਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਹਾਲਾਂਕਿ ਸਕੂਲਾਂ ਵਿਚ ਬੱਚੇ ਸਮਾਜਕ ਦੂਰੀ ਦੀ ਪਾਲਣਾ ਕਰਦੇ ਹਨ ਤੇ ਮਾਸਕ ਲਗਾ ਕੇ ਰੱਖਦੇ ਹਨ ਪਰ ਫਿਰ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। 

ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹ ਬੱਚਿਆਂ ਦੀ ਪੜ੍ਹਾਈ ਨੂੰ ਬਹੁਤੀ ਦੇਰ ਤੱਕ ਖਰਾਬ ਨਹੀਂ ਹੋਣਾ ਦੇਣਾ ਚਾਹੁੰਦੇ ਅਤੇ ਵੱਡੀ ਗਿਣਤੀ ਵਿਚ ਮਾਪਿਆ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ। ਇਸ ਲਈ ਉਨ੍ਹਾਂ ਦੇ ਸਕੂਲ ਖੋਲ੍ਹਣ ਦੇ ਫੈਸਲੇ ਨੂੰ ਮਾਪਿਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਫੋਰਡ ਸਰਕਾਰ ਸਕੂਲਾਂ ਨੂੰ ਕੋਰੋਨਾ ਨਾਲ ਜੂਝਣ ਲਈ 450 ਮਿਲੀਅਨ ਡਾਲਰ ਦੀ ਸਹਾਇਤਾ ਰਾਸ਼ੀ ਦੇ ਚੁੱਕੀ ਹੈ। ਇਸ ਦੇ ਬਾਅਦ ਓਟਾਵਾ ਵਿਚ ਵੱਖਰੀ ਮਦਦ ਰਾਸ਼ੀ ਦਿੱਤੀ ਗਈ ਸੀ। 


Lalita Mam

Content Editor

Related News