ਓਂਟਾਰੀਓ 'ਚ ਬਾਰ-ਰੈਸਟੋਰੈਂਟ ਖੋਲ੍ਹਣ ਦੀ ਮਿਲੀ ਇਜਾਜ਼ਤ

Tuesday, Jun 16, 2020 - 04:15 PM (IST)

ਓਂਟਾਰੀਓ 'ਚ ਬਾਰ-ਰੈਸਟੋਰੈਂਟ ਖੋਲ੍ਹਣ ਦੀ ਮਿਲੀ ਇਜਾਜ਼ਤ

ਓਂਟਾਰੀਓ- ਕੈਨੇਡੀਅਨ ਸੂਬੇ ਓਂਟਾਰੀਓ ਦੇ ਮੁੱਖ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਟੋਰਾਂਟੋ ਅਤੇ ਪੀਲ ਖੇਤਰਾਂ ਨੂੰ ਛੱਡ ਕੇ ਬਾਕੀ ਗਰੇਟਰ ਟੋਰਾਂਟੋ ਅਤੇ ਹਮਿਲਟਨ ਖੇਤਰ 19 ਜੂਨ ਤੋਂ ਖੋਲ੍ਹੇ ਜਾਣਗੇ। ਇਸ ਦਾ ਮਤਲਬ ਹੈ ਕਿ ਰੈਸਟੋਰੈਂਟ, ਹੇਅਰ ਸੈਲੂਨ, ਸ਼ਾਪਿੰਗ ਮਾਲ ਅਤੇ ਕਈ ਹੋਰ ਵਪਾਰਕ ਅਧਾਰਿਆਂ ਨੂੰ ਖੋਲ੍ਹਣ ਦੀ ਹਰੀ ਝੰਡੀ ਦੇ ਦਿੱਤੀ ਗਈ ਹੈ। ਟੋਰਾਂਟੋ, ਪੀਲ ਤੇ ਵਿੰਡਸਰ ਵਰਗੇ ਖੇਤਰਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਬਾਕੀ ਇਲਾਕਿਆਂ ਨਾਲੋਂ ਵਧੇਰੇ ਹੋਣ ਕਾਰਨ ਇਨ੍ਹਾਂ ਨੂੰ ਅਜੇ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ। 
ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਲੋਕ ਮੁੜ ਕੰਮਾਂ 'ਤੇ ਵਾਪਸ ਜਾ ਸਕਦੇ ਹਨ। ਬਾਰ, ਰੈਸਟੋਰੈਂਟ, ਬਿਊਟੀ ਸਲੂਨ, ਸ਼ਾਪਿੰਗ ਮਾਲ ਸਭ ਖੋਲ੍ਹ ਦਿੱਤੇ ਗਏ ਹਨ। ਰੈਸਟੋਰੈਂਟਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਪਰ ਇੱਥੇ ਨੱਚਣ ਤੇ ਗਾਉਣ ਦੀ ਅਜੇ ਛੋਟ ਨਹੀਂ ਹੈ। ਛੂਤ ਦੀਆਂ ਬੀਮਾਰੀਆਂ ਦੇ ਮਾਹਰ ਡਾਕਟਰ ਇਸਾਕ ਬੋਗੋਚ ਨੇ ਕਿਹਾ ਕਿ ਹੋ ਸਕਦਾ ਹੈ ਕਿ ਟੋਰਾਂਟੋ ਵਰਗੇ ਖੇਤਰ ਨੂੰ ਬਾਕੀ ਇਲਾਕਿਆਂ ਦੇ ਖੋਲ੍ਹਣ ਦੇ ਇਕ ਹਫਤੇ ਬਾਅਦ ਖੋਲ੍ਹਿਆ ਜਾਵੇ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸੂਬੇ ਵਿਚ ਕੋਰੋਨਾ ਵਾਇਰਸ ਦੇ ਨਵੇਂ 181 ਮਾਮਲੇ ਦਰਜ ਹੋਏ ਹਨ। ਇਨ੍ਹਾਂ ਵਿਚੋਂ 134 ਟੋਰਾਂਟੋ, ਵਿੰਡਸਰ ਤੇ ਪੀਲ ਖੇਤਰ ਦੇ ਹਨ। ਹਾਲਾਂਕਿ ਸਰਕਾਰ ਨੇ ਲੋਕਾਂ ਨੂੰ ਕੰਮ 'ਤੇ ਜਾਣ ਦੀ ਪੂਰੀ ਛੋਟ ਦੇ ਦਿੱਤੀ ਹੈ ਪਰ ਲੋਕਾਂ ਨੂੰ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। 


author

Lalita Mam

Content Editor

Related News