ਕੋਵਿਡ-19: ਓਂਟਾਰੀਓ ਮੁੱਖ ਮੰਤਰੀ ਨੇ ਇਨ੍ਹਾਂ 3 ਖੇਤਰਾਂ ''ਚ ਸਖ਼ਤੀ ਕਰਨ ਦਾ ਦਿੱਤਾ ਇਸ਼ਾਰਾ

09/16/2020 1:26:37 PM

ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਬੀਤੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਕਾਰਨ ਸੂਬੇ ਦੇ ਮੁੱਖ ਮੰਤਰੀ ਅਗਲੀ ਰਣਨੀਤੀ ਬਣਾ ਰਹੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਅਜਿਹਾ ਹੀ ਹਾਲ ਰਿਹਾ ਤਾਂ ਸੂਬਾ ਇਕ ਵਾਰ ਫਿਰ ਤਾਲਾਬੰਦੀ ਦੇਖ ਸਕਦਾ ਹੈ। ਬੀਤੇ 24 ਘੰਟਿਆਂ ਦੌਰਾਨ ਸੂਬੇ ਵਿਚ ਕੋਰੋਨਾ ਦੇ 251 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਇਸ ਤੋਂ ਪਹਿਲਾਂ ਸੋਮਵਾਰ ਨੂੰ 313 ਨਵੇਂ ਮਾਮਲੇ ਸਾਹਮਣੇ ਆਏ ਸਨ।

 ਓਂਟਾਰੀਓ ਮੁੱਖ ਮੰਤਰੀ ਡੱਗ ਫੋਰਡ ਨੇ ਕਿਹਾ ਕਿ ਓਟਾਵਾ, ਪੀਲ ਰੀਜਨ ਅਤੇ ਟੋਰਾਂਟੋ ਦੇ ਲੋਕ ਅਗਲੀਆਂ ਸਖ਼ਤ ਹਿਦਾਇਤਾਂ ਲਈ ਤਿਆਰ ਰਹਿਣ ਕਿਉਂਕਿ ਇਨ੍ਹਾਂ ਖੇਤਰਾਂ ਵਿਚੋਂ ਹੀ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜੋ ਚਿੰਤਾ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਦੋਬਾਰਾ ਤਾਲਾਬੰਦੀ ਲਾਉਣੀ ਪਈ ਤਾਂ ਉਹ ਇਸ ਲਈ ਤਿਆਰ ਰਹਿਣਗੇ।
ਰਿਪੋਰਟ ਮੁਤਾਬਕ ਬੀਤੇ 24 ਘੰਟਿਆਂ ਵਿਚ ਟੋਰਾਂਟੋ ਵਿਚ 73 ਅਤੇ ਪੀਲ ਵਿਚੋਂ 42 ਨਵੇਂ ਮਾਮਲੇ ਦਰਜ ਹੋਏ ਹਨ।

ਤੁਹਾਨੂੰ ਦੱਸ ਦਈਏ ਕਿ ਇਹ ਸੋਮਵਾਰ ਨਾਲੋਂ ਕਾਫੀ ਘੱਟ ਹਨ, ਕਿਉਂਕਿ ਉਦੋਂ 313 ਨਵੇਂ ਮਾਮਲੇ ਦਰਜ ਕੀਤੇ ਗਏ ਸਨ ਜੋ ਜੂਨ ਤੋਂ ਬਾਅਦ ਕੋਰੋਨਾ ਦੇ ਮਾਮਲਿਆਂ ਵਿਚ ਵੱਡੀ ਉਛਾਲ ਸੀ।  ਸੂਬਾਈ ਲੈਬਜ਼ ਵਿਚ ਬੀਤੇ 24 ਘੰਟਿਆਂ ਦੌਰਾਨ 27,664 ਟੈਸਟ ਹੋਏ ਹਨ, ਜਿਨ੍ਹਾਂ ਵਿਚੋਂ 0.91 ਫੀਸਦੀ ਸਕਾਰਾਤਮਕ ਰਹੇ ਜਦਕਿ ਸੋਮਵਾਰ ਨੂੰ ਇਹ 1.06 ਫੀਸਦੀ ਰਹੇ ਸਨ। ਇਨ੍ਹਾਂ ਵਿਚੋਂ 57 ਫੀਸਦੀ 39 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕ ਸਨ। 


Lalita Mam

Content Editor

Related News