ਕ੍ਰਿਸਮਸ ਤੋਂ ਪਹਿਲਾਂ ਓਂਟਾਰੀਓ ਦੇ ਇਨ੍ਹਾਂ 5 ਖੇਤਰਾਂ ਲਈ ਜਾਰੀ ਹੋਇਆ ਨਵਾਂ ਫਰਮਾਨ
Saturday, Dec 19, 2020 - 02:11 PM (IST)
ਟੋਰਾਂਟੋ- ਕੋਰੋਨਾ ਦੇ ਮਾਮਲੇ ਵਧਣ ਦੇ ਨਾਲ-ਨਾਲ ਓਂਟਾਰੀਓ ਵਿਚ ਪਾਬੰਦੀਆਂ ਵੀ ਵੱਧਦੀਆਂ ਜਾ ਰਹੀਆਂ ਹਨ। ਲੋਕਾਂ ਵਲੋਂ ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਕਾਰਨ ਕੋਰੋਨਾ ਦੇ ਮਾਮਲੇ ਘੱਟ ਨਹੀਂ ਰਹੇ। ਓਂਟਾਰੀਓ ਦੇ 5 ਖੇਤਰਾਂ ਵਿਚ ਕੋਰੋਨਾ ਕਾਰਨ ਪਾਬੰਦੀਆਂ ਹੋਰ ਸਖਤ ਹੋਣ ਜਾ ਰਹੀਆਂ ਹਨ। ਇਸ ਵਿਚ ਹਮਿਲਟਨ ਵੀ ਸ਼ਾਮਲ ਹੈ, ਕਿਉਂਕਿ ਇੱਥੇ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।
ਸੂਬਾ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਟੋਰਾਂਟੋ ਤੇ ਪੀਲ ਰੀਜਨ ਵਿਚ 4 ਜਨਵਰੀ ਤੱਕ ਤਾਲਾਬੰਦੀ ਜਾਰੀ ਰਹੇਗੀ। ਦੱਸ ਦਈਏ ਕਿ ਇੱਥੇ ਸੋਮਵਾਰ ਤੋਂ ਤਾਲਾਬੰਦੀ ਦੀ ਮਿਆਦ ਖਤਮ ਹੋਣ ਜਾ ਰਹੀ ਸੀ। ਲੋਕਾਂ ਨੂੰ ਲੱਗਦਾ ਸੀ ਕਿ ਉਹ ਕ੍ਰਿਸਮਸ ਮੌਕੇ ਪਾਰਟੀਆਂ ਕਰ ਸਕਣਗੇ ਪਰ ਸਰਕਾਰ ਨੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਤਾਲਾਬੰਦੀ ਨੂੰ ਅੱਗੇ ਵਧਾ ਦਿੱਤਾ ਹੈ।
ਸਾਰੇ ਗੈਰ-ਜ਼ਰੂਰੀ ਕੰਮਾਂ ਵਾਲੇ ਅਦਾਰੇ ਤੇ ਦੁਕਾਨਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਹਮਿਲਟਨ ਵਿਚ ਤਾਲਾਬੰਦੀ ਰਹੇਗੀ। ਇਸ ਦੇ ਨਾਲ ਹੀ ਬਰੈਂਟ ਕਾਊਂਟੀ ਹੈਲਥ ਯੁਨਿਟ ਅਤੇ ਨਿਆਗਰੀ ਰੀਜਨ ਵਿਚ ਰੈੱਡ ਜ਼ੋਨ ਰਹੇਗਾ। ਕਿੰਗਸਟੋਨ, ਫਰੰਟੈਨਿਕ ਤੇ ਲੈਨੇਕਸ ਅਤੇ ਐਡਿੰਗਟਨ ਪਬਲਿਕ ਹੈਲਥ ਨੂੰ ਓਰੰਜ ਜ਼ੋਨ ਵਿਚ ਰੱਖਿਆ ਜਾਵੇਗਾ।
ਹਮਿਲਟਨ ਵਿਚ ਹਫਤੇ ਦੇ ਡਾਟੇ ਮੁਤਾਬਕ ਕੋਰੋਨਾ ਮਾਮਲੇ 40 ਫ਼ੀਸਦੀ ਵਧੇ ਹਨ, ਇਸੇ ਕਾਰਨ ਇਹ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ 4-5 ਦਿਨਾਂ ਤੋਂ ਓਂਟਾਰੀਓ ਵਿਚ ਕੋਰੋਨਾ ਦੇ ਮਾਮਲੇ 2000 ਤੋਂ ਵੱਧ ਦਰਜ ਹੋ ਰਹੇ ਹਨ ਤੇ ਬੀਤੇ ਦਿਨ ਤਾਂ ਇਹ 2400 ਤੋਂ ਵੀ ਪਾਰ ਚਲੇ ਗਏ ਸਨ, ਇਸ ਕਾਰਨ ਸੂਬੇ ਦੇ ਮੁੱਖ ਮੰਤਰੀ ਨੂੰ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ।