ਕੈਨੇਡਾ : ਓਂਟਾਰੀਓ ''ਚ ਕੋਰੋਨਾ ਦੇ 1800 ਨਵੇਂ ਮਾਮਲੇ ਦਰਜ
Monday, Feb 01, 2021 - 01:20 PM (IST)
ਓਟਾਵਾ- ਓਂਟਾਰੀਓ ਵਿਚ ਬੀਤੇ ਦਿਨ ਕੋਰੋਨਾ ਦੇ 1800 ਨਵੇਂ ਮਾਮਲੇ ਦਰਜ ਹੋਏ ਹਨ ਪਰ ਸੂਬੇ ਦੀ ਸਿਹਤ ਮੰਤਰੀ ਮੁਤਾਬਕ ਅਜੇ ਵੀ ਸੂਬੇ ਵਿਚ ਕੋਰੋਨਾ ਦਾ ਖ਼ਤਰਾ ਬਣਿਆ ਹੋਇਆ ਹੈ। ਬੀਤੇ ਦਿਨ ਕੋਰੋਨਾ ਦੇ 1,837 ਮਾਮਲੇ ਦਰਜ ਹੋਏ ਜਦਕਿ ਇਸ ਤੋਂ ਪਹਿਲਾਂ ਕੋਰੋਨਾ ਦੇ 2,063 ਮਾਮਲੇ ਦਰਜ ਹੋਏ ਸਨ।
ਓਂਟਾਰੀਓ ਸਿਹਤ ਮੰਤਰੀ ਕ੍ਰਿਸਟਾਈਨ ਇਲੀਅਟ ਨੇ ਦੱਸਿਆ ਕਿ ਟੋਰਾਂਟੋ ਵਿਚ ਬੀਤੇ ਦਿਨ 726 ਨਵੇਂ ਮਾਮਲੇ ਦਰਜ ਹੋਏ। ਇਸ ਦੇ ਇਲਾਵਾ 306 ਮਾਮਲੇ ਪੀਲ ਵਿਚ, ਯਾਰਕ ਰੀਜਨ ਵਿਚ 168 ਮਾਮਲੇ ਦਰਜ ਹੋਏ ਹਨ। ਦੱਸ ਦਈਏ ਕਿ ਬੀਤੇ ਦਿਨ ਸੂਬੇ ਵਿਚ 50 ਹਜ਼ਾਰ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ, ਜਿਨ੍ਹਾਂ ਵਿਚੋਂ 3.7 ਫ਼ੀਸਦੀ ਲੋਕ ਕੋਰੋਨਾ ਦੀ ਲਪੇਟ ਵਿਚ ਆਏ ਦੱਸੇ ਜਾ ਰਹੇ ਹਨ। ਹਾਲਾਂਕਿ ਸੂਬੇ ਵਿਚ ਕੋਰੋਨਾ ਮਾਮਲਿਆਂ ਵਿਚ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਅਜੇ ਵੀ ਲੋਕਾਂ ਨੂੰ ਮਾਸਕ ਪਾਉਣ ਤੇ ਸਮਾਜਕ ਦੂਰੀ ਬਣਾ ਕੇ ਰੱਖਣੀ ਪਵੇਗੀ। ਓਂਟਾਰੀਓ ਦੇ ਹਸਪਤਾਲਾਂ ਵਿਚ 1,159 ਮਰੀਜ਼ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ।
ਦੱਸ ਦਈਏ ਕਿ ਸੂਬੇ ਵਿਚ ਕੋਰੋਨਾ ਦੇ ਨਵੇਂ ਰੂਪ ਦੇ ਵੀ ਕਈ ਮਾਮਲੇ ਦਰਜ ਹੋਏ ਹਨ ਜੋ ਕਿ ਯੂ. ਕੇ. ਵਿਚ ਫੈਲਿਆ ਹੈ। ਇਕ ਰਿਪੋਰਟ ਮੁਤਾਬਕ ਸੂਬੇ ਵਿਚ ਲਗਭਗ 58 ਮਾਮਲੇ ਕੋਰੋਨਾ ਦੇ ਨਵੇਂ ਰੂਪ ਨਾਲ ਸਬੰਧਤ ਹਨ।