ਓਨਟਾਰੀਓ ਦੀ ਫੋਰਡ ਸਰਕਾਰ ''ਸੈਕਸ ਸਿੱਖਿਆ'' ਨੂੰ ਲੈ ਕ ਚਾਰੋਂ ਪਾਸਿਓ ਘਿਰੀ
Thursday, Aug 22, 2019 - 11:37 PM (IST)

ਟੋਰਾਂਟੋ - ਨਵਾਂ ਸੈਕਸ ਸਿੱਖਿਆ ਪਾਠਕ੍ਰਮ ਜਾਰੀ ਕਰਦਿਆਂ ਹੀ ਓਨਟਾਰੀਓ 'ਚ ਡਗ ਫੋਰਡ ਸਰਕਾਰ 'ਤੇ ਚਾਰੋ ਪਾਸਿਓ ਸ਼ਬਦੀ ਹਮਲੇ ਸ਼ੁਰੂ ਹੋ ਗਏ ਹਨ। ਨਵੇਂ ਪਾਠਕ੍ਰਮ ਨੂੰ ਸਾਬਕਾ ਲਿਬਰਲ ਸਰਕਾਰ ਵੱਲੋਂ ਲਿਆਂਦੇ ਪਾਠਕ੍ਰਮ ਵਰਗਾ ਕਰਾਰ ਦਿਤਾ ਜਾ ਰਿਹਾ ਹੈ ਅਤੇ ਐੱਨ. ਡੀ. ਪੀ. ਨੇ ਦੋਸ਼ ਲਾਇਆ ਕਿ ਡਗ ਫ਼ੋਰਡ ਨੇ ਬੱਚਿਆਂ ਨਾਲ ਸਿਆਸਤ ਖੇਡਦਿਆਂ ਇਕ ਸਾਲ ਬਰਬਾਦ ਕਰ ਦਿਤਾ।
ਇਕ ਰਿਪੋਰਟ ਮੁਤਾਬਕ ਡਗ ਫ਼ੋਰਡ ਸਰਕਾਰ ਨੇ ਸੈਕਸ ਸਿੱਖਿਆ ਪਾਠਕ੍ਰਮ ਲਿਆਉਣ ਦਾ ਵਾਅਦਾ ਕੀਤਾ ਸੀ ਕਿਉਂਕਿ ਪੰਜਾਬੀ, ਮੁਸਲਮਾਨ ਅਤੇ ਹੋਰ ਕਈ ਭਾਈਚਾਰਿਆਂ ਦੇ ਲੋਕ ਇਸ ਦਾ ਤਿੱਖਾ ਵਿਰੋਧ ਕਰ ਰਹੇ ਸਨ। ਨਵੇਂ ਪਾਠਕ੍ਰਮ 'ਚ ਉਹ ਸਾਰੀਆਂ ਚੀਜ਼ਾਂ ਸ਼ਾਮਲ ਹਨ ਜਿਨਾਂ ਕਾਰਨ ਲਿਬਰਲ ਸਰਕਾਰ ਵੇਲੇ ਵਿਵਾਦ ਪੈਦਾ ਹੋਇਆ। ਸਰੀਰਕ ਸਬੰਧ ਕਾਇਮ ਕਰਨ ਲਈ ਮੁੰਡਾ-ਕੁੜੀ ਦੀ ਸਹਿਮਤੀ ਅਤੇ ਸੈਕਸ਼ੁਅਲ ਓਰੀਐਂਟੇਸ਼ਨ ਬਾਰੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿਤੀ ਜਾਵੇਗੀ ਜਦਕਿ ਮਾਨਸਿਕ ਸਿਹਤ, ਸਿਰ 'ਤੇ ਵੱਜਣ ਵਾਲੀਆਂ ਸੱਟਾਂ ਅਤੇ ਮਾਰੀਜੁਆਨਾ ਦੀ ਵਰਤੋਂ ਨੂੰ ਵੀ ਨਵੇਂ ਪਾਠਕ੍ਰਮ 'ਚ ਸ਼ਾਮਲ ਕੀਤਾ ਗਿਆ ਹੈ।