ਇਜ਼ਰਾਈਲ-ਹਮਾਸ ਜੰਗ ਨੂੰ ਇੱਕ ਸਾਲ ਪੂਰਾ, ਜਾਣੋ ਦੁਨੀਆ ਤੇ ਭਾਰਤ 'ਤੇ ਇਸ ਦਾ ਅਸਰ

Monday, Oct 07, 2024 - 11:22 AM (IST)

ਇਜ਼ਰਾਈਲ-ਹਮਾਸ ਜੰਗ ਨੂੰ ਇੱਕ ਸਾਲ ਪੂਰਾ, ਜਾਣੋ ਦੁਨੀਆ ਤੇ ਭਾਰਤ 'ਤੇ ਇਸ ਦਾ ਅਸਰ

ਇੰਟਰਨੈਸ਼ਨਲ ਡੈਸਕ- ਅੱਜ ਦੇ ਦਿਨ ਯਾਨੀ ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ। 7 ਅਕਤੂਬਰ ਦੇ ਕਾਲੇ ਦਿਨ ਦੀ ਬਰਸੀ ਇਜ਼ਰਾਈਲ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਸੀ। ਇਸ ਭਿਆਨਕ ਹਮਲੇ ਵਿਚ 1200 ਇਜ਼ਰਾਈਲੀ ਲੋਕ ਮਾਰੇ ਗਏ ਸਨ ਅਤੇ 250 ਲੋਕਾਂ ਨੂੰ ਹਮਾਸ ਦੇ ਅੱਤਵਾਦੀਆਂ ਨੇ ਬੰਧਕ ਬਣਾ ਲਿਆ ਸੀ। ਅੱਜ ਵੀ ਬਹੁਤ ਸਾਰੇ ਇਜ਼ਰਾਈਲੀ ਹਮਾਸ ਦੀ ਕੈਦ ਵਿੱਚ ਹਨ। ਇਹ ਜੰਗ ਹੁਣ ਮੱਧ ਪੂਰਬ ਤੱਕ ਫੈਲ ਗਈ ਹੈ।

ਜੰਗ ਦਾ ਅਸਰ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਦੇਖਣ ਨੂੰ ਮਿਲਿਆ। ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਕਾਰਨ ਲਾਲ ਸਾਗਰ ਅਤੇ ਹਿੰਦ ਮਹਾਸਾਗਰ ਵਿੱਚ ਸਮੁੰਦਰੀ ਵਪਾਰਕ ਆਵਾਜਾਈ ਦੀ ਸੁਰੱਖਿਆ ਪ੍ਰਭਾਵਿਤ ਹੋਈ ਸੀ। ਜਿਸ ਕਾਰਨ ਕਈ ਦੇਸ਼ਾਂ ਦੇ ਊਰਜਾ ਅਤੇ ਆਰਥਿਕ ਹਿੱਤ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਏ ਅਤੇ ਭਾਰਤ ਵੀ ਇਸ 'ਚ ਸ਼ਾਮਲ ਸੀ।

ਸਮੁੰਦਰੀ ਵਪਾਰ ਹੋਇਆ ਪ੍ਰਭਾਵਿਤ 

ਹਮਾਸ ਸਮਰਥਕ ਅਤੇ ਈਰਾਨ ਸਮਰਥਿਤ ਹੂਤੀ ਬਾਗੀਆਂ ਨੇ ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਕਈ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ। ਹੂਤੀਆਂ ਨੇ ਲਾਲ ਸਾਗਰ ਵਿੱਚ ਕਈ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਅਤੇ ਕਈ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਇਆ। ਇਸ ਨਾਲ ਲਾਲ ਸਾਗਰ ਮਾਰਗ 'ਤੇ ਸੰਕਟ ਪੈਦਾ ਹੋ ਗਿਆ ਸੀ, ਜੋ ਦੁਨੀਆ ਦੇ ਸਭ ਤੋਂ ਵਿਅਸਤ ਵਪਾਰਕ ਮਾਰਗਾਂ 'ਚੋਂ ਇਕ ਹੈ। ਬਾਅਦ ਵਿੱਚ ਬਹੁਤ ਸਾਰੀਆਂ ਕੰਪਨੀਆਂ ਨੂੰ ਆਪਣੇ ਰੂਟ ਬਦਲਣ ਅਤੇ ਅਫਰੀਕਾ ਰਾਹੀਂ ਵਪਾਰ ਕਰਨ ਲਈ ਮਜ਼ਬੂਰ ਕੀਤਾ ਗਿਆ। ਇਸ ਕਾਰਨ ਕੰਪਨੀਆਂ ਦੀ ਲਾਗਤ ਵੀ ਕਾਫੀ ਵਧ ਗਈ ਹੈ।
ਲਾਲ ਸਾਗਰ ਦੁਨੀਆਂ ਦਾ ਮੁੱਖ ਵਪਾਰਕ ਰਸਤਾ ਹੈ ਜਿੱਥੋਂ ਨਾ ਸਿਰਫ਼ ਪੱਛਮੀ ਏਸ਼ੀਆ ਸਗੋਂ ਅਰਬ, ਯੂਰਪ, ਅਫ਼ਰੀਕਾ ਅਤੇ ਭਾਰਤ ਵੀ ਵਪਾਰ ਕਰਦਾ ਹੈ। ਹੂਤੀਆਂ ਦੇ ਹਮਲੇ ਕਾਰਨ ਇਸ ਰੂਟ 'ਤੇ ਵਿਸ਼ਵਵਿਆਪੀ ਸਪਲਾਈ ਵਿਚ ਵਿਘਨ ਪਿਆ ਹੈ ਅਤੇ ਦੁਨੀਆ ਦਾ 12 ਪ੍ਰਤੀਸ਼ਤ ਵਪਾਰ ਲਾਲ ਸਾਗਰ ਰਾਹੀਂ ਹੁੰਦਾ ਹੈ ਅਤੇ ਹਰ ਸਾਲ 10 ਬਿਲੀਅਨ ਡਾਲਰ ਤੋਂ ਵੱਧ ਦੇ ਸਮਾਨ ਦੀ ਬਰਾਮਦ ਅਤੇ ਦਰਾਮਦ ਹੁੰਦੀ ਹੈ। ਇਸ ਸਥਿਤੀ ਵਿੱਚ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਲਾਲ ਸਾਗਰ ਵਿਸ਼ਵ ਆਰਥਿਕਤਾ ਵਿੱਚ ਕਿੰਨਾ ਮਹੱਤਵਪੂਰਨ ਹੈ।

ਪੋਰਬੰਦਰ ਨੇੜੇ ਸਮੁੰਦਰ ਵਿੱਚ ਹੋਇਆ ਡਰੋਨ ਹਮਲਾ 

2023 ਵਿੱਚ ਜਦੋਂ ਹੂਤੀ ਨੇ ਐਲਾਨ ਕੀਤਾ ਸੀ ਕਿ ਉਹ ਇਜ਼ਰਾਈਲ ਨਾਲ ਜੁੜੇ ਕਿਸੇ ਵੀ ਜਹਾਜ਼ ਨੂੰ ਨਿਸ਼ਾਨਾ ਬਣਾਉਣਗੇ। ਹੂਤੀ ਬਾਗੀਆਂ ਨੇ ਜਿਸ ਸਮੁੰਦਰੀ ਮਾਰਗ 'ਤੇ ਹਮਲਾ ਕੀਤਾ ਉੱਥੋਂ ਸਭ ਤੋਂ ਵੱਧ ਕੱਚੇ ਤੇਲ ਅਤੇ ਹੋਰ ਜ਼ਰੂਰੀ ਉਤਪਾਦਾਂ ਦੀ ਸਪਲਾਈ ਹੁੰਦੀ ਹੈ। ਦਸੰਬਰ 2023 ਵਿੱਚ, ਗੁਜਰਾਤ ਦੇ ਪੋਰਬੰਦਰ ਤੋਂ ਲਗਭਗ 217 ਸਮੁੰਦਰੀ ਮੀਲ ਦੂਰ, 21 ਭਾਰਤੀ ਅਤੇ ਇੱਕ ਵੀਅਤਨਾਮੀ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਇੱਕ ਵਪਾਰਕ ਜਹਾਜ਼ 'ਤੇ ਡਰੋਨ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ ਸੀ। ਇਹ ਜਹਾਜ਼ ਬਾਅਦ ਵਿੱਚ ਮੁੰਬਈ ਪਹੁੰਚਿਆ ਅਤੇ ਰਸਤੇ ਵਿੱਚ ਭਾਰਤੀ ਤੱਟ ਰੱਖਿਅਕ ਜਹਾਜ਼ ਆਈ.ਸੀ.ਜੀ.ਐਸ ਵਿਕਰਮ ਨੇ ਇਸ ਨੂੰ ਸੁਰੱਖਿਆ ਪ੍ਰਦਾਨ ਕੀਤੀ।

ਖਮੇਨੀ ਦਾ ਬਿਆਨ ਅਤੇ ਈਰਾਨ ਨਾਲ ਭਾਰਤ ਦਾ ਰੁਖ਼

ਈਰਾਨ ਅਤੇ ਭਾਰਤ ਵਿਚਾਲੇ ਕਈ ਖੇਤਰਾਂ ਵਿੱਚ ਦੋਸਤਾਨਾ ਸਬੰਧ ਹਨ, ਜਦੋਂ ਕਿ ਇਜ਼ਰਾਈਲ ਅਤੇ ਭਾਰਤ ਦੇ ਸਬੰਧ ਕਿਸੇ ਤੋਂ ਲੁਕੇ ਨਹੀਂ ਹਨ, ਪਰ ਇਜ਼ਰਾਈਲ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤੇ ਵੀ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਹਨ। ਇਸ ਦੀ ਝਲਕ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ 16 ਸਤੰਬਰ 2024 ਨੂੰ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਮੇਨੀ ਨੇ ਟਵਿੱਟਰ 'ਤੇ ਲਿਖਿਆ ਕਿ ਦੁਨੀਆ ਦੇ ਮੁਸਲਮਾਨਾਂ ਨੂੰ ਭਾਰਤ, ਗਾਜ਼ਾ ਅਤੇ ਮਿਆਂਮਾਰ 'ਚ ਰਹਿ ਰਹੇ ਮੁਸਲਮਾਨਾਂ ਦੀ ਦੁਰਦਸ਼ਾ ਤੋਂ ਅਣਜਾਣ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਉਨ੍ਹਾਂ ਦੇ ਦਰਦ ਨੂੰ ਨਹੀਂ ਸਮਝ ਸਕਦੇ ਤਾਂ ਤੁਸੀਂ ਮੁਸਲਮਾਨ ਨਹੀਂ ਹੋ।ਖਮੇਨੀ ਦੇ ਇਸ ਬਿਆਨ 'ਤੇ ਭਾਰਤ ਨੇ ਤਿੱਖਾ ਜਵਾਬ ਦਿੱਤਾ ਸੀ। ਵਿਦੇਸ਼ ਮੰਤਰਾਲੇ ਨੇ ਇਸ ਨੂੰ ਗ਼ਲਤ ਸੂਚਨਾ 'ਤੇ ਆਧਾਰਿਤ ਅਤੇ ਅਸਵੀਕਾਰਨਯੋਗ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਘੱਟ ਗਿਣਤੀਆਂ ਦੀ ਹਾਲਤ ਨੂੰ ਦੇਖਣ ਦੀ ਵੀ ਸਲਾਹ ਦਿੱਤੀ ਗਈ।

ਪੜ੍ਹੋ ਇਹ ਅਹਿਮ ਖ਼ਬਰ-900 ਤੋਂ ਵੱਧ ਆਸਟ੍ਰੇਲੀਆਈ ਲੋਕਾਂ ਨੇ ਛੱਡਿਆ ਲੇਬਨਾਨ 


ਜੰਗ ਦੇ ਸੱਤ ਮੋਰਚੇ

ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਵੱਲੋਂ ਕੀਤਾ ਗਿਆ ਜਵਾਬੀ ਹਮਲਾ ਹੌਲੀ-ਹੌਲੀ ਖੇਤਰੀ ਸੰਘਰਸ਼ ਵਿੱਚ ਬਦਲ ਗਿਆ। ਅੱਜ ਹਾਲਾਤ ਇਹ ਹਨ ਕਿ ਜੰਗ ਦੇ ਸੱਤ ਮੋਰਚੇ ਖੁੱਲ੍ਹ ਚੁੱਕੇ ਹਨ ਅਤੇ ਇਜ਼ਰਾਈਲ ਹਰ ਮੋਰਚੇ 'ਤੇ ਹਾਵੀ ਹੁੰਦਾ ਨਜ਼ਰ ਆ ਰਿਹਾ ਹੈ।

ਗਾਜ਼ਾ ਵਿੱਚ ਹਮਾਸ:

7 ਅਕਤੂਬਰ, 2023 ਨੂੰ ਇਜ਼ਰਾਈਲ 'ਤੇ ਹਮਾਸ ਦੇ ਅਚਾਨਕ ਹਮਲੇ ਨਾਲ ਸ਼ੁਰੂ ਹੋਏ ਸੰਘਰਸ਼ ਨੂੰ ਇੱਕ ਸਾਲ ਹੋ ਗਿਆ ਹੈ। ਇਸ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਸਭ ਤੋਂ ਪਹਿਲਾਂ ਗਾਜ਼ਾ 'ਤੇ ਹਮਲਾ ਕੀਤਾ, ਜੋ ਅੱਜ ਤੱਕ ਜਾਰੀ ਹੈ। ਹਮਾਸ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਲਈ ਇਜ਼ਰਾਈਲੀ ਹਵਾਈ ਹਮਲੇ ਜਾਰੀ ਹਨ। ਇਸ ਤੋਂ ਇਲਾਵਾ ਇਜ਼ਰਾਇਲੀ ਫੌਜ ਦਾ ਜ਼ਮੀਨੀ ਆਪ੍ਰੇਸ਼ਨ ਵੀ ਇੱਥੇ ਚੱਲ ਰਿਹਾ ਹੈ।

ਲੇਬਨਾਨ:

ਲੇਬਨਾਨ ਵਿੱਚ, ਇਜ਼ਰਾਈਲ ਹਿਜ਼ਬੁੱਲਾ ਵਿਰੁੱਧ ਲੜ ਰਿਹਾ ਹੈ, ਜੋ ਕਿ ਦੁਨੀਆ ਦਾ ਸਭ ਤੋਂ ਭਾਰੀ ਹਥਿਆਰਬੰਦ ਸੰਗਠਨ ਹੈ। ਇਸ ਨੇ ਲਗਭਗ ਇੱਕ ਸਾਲ ਤੋਂ ਇਜ਼ਰਾਇਲੀ ਸ਼ਹਿਰਾਂ ਅਤੇ ਕਸਬਿਆਂ 'ਤੇ ਰਾਕੇਟ ਦਾਗੇ ਹਨ। ਇਜ਼ਰਾਈਲ ਨੇ ਹਿਜ਼ਬੁੱਲਾ 'ਤੇ ਪਹਿਲਾਂ ਪੇਜਰਾਂ ਅਤੇ ਫਿਰ ਵਾਕੀ-ਟਾਕੀਜ਼ ਨਾਲ ਹਮਲਾ ਕੀਤਾ ਅਤੇ ਫਿਰ ਹਿਜ਼ਬੁੱਲਾ ਦੇ ਮੁਖੀ ਹਸਨ ਨਸਰੁੱਲਾ ਨੂੰ ਮਾਰ ਦਿੱਤਾ। ਅਬੇ ਇਜ਼ਰਾਈਲੀ ਫੌਜੀ ਸਰਹੱਦ ਪਾਰ ਕਰਕੇ ਲੇਬਨਾਨ ਵਿੱਚ ਦਾਖਲ ਹੋ ਗਏ ਹਨ।

ਯਮਨ ਵਿੱਚ ਹੂਤੀਆਂ ਦੇ ਵਿਰੁੱਧ:

ਈਰਾਨ ਦੇ ਇੱਕ ਹੋਰ ਸਹਿਯੋਗੀ ਹੂਤੀ ਨੇ ਹਮਾਸ-ਇਜ਼ਰਾਈਲ ਸੰਘਰਸ਼ ਦੀ ਸ਼ੁਰੂਆਤ ਤੋਂ ਹੀ ਇਜ਼ਰਾਈਲ ਵਿਰੁੱਧ ਜੰਗ ਛੇੜੀ ਹੋਈ ਹੈ। ਪਹਿਲਾਂ ਲਾਲ ਸਾਗਰ ਵਿੱਚ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ, ਹੁਣ ਦੱਖਣ ਤੋਂ ਇਜ਼ਰਾਈਲ ਵਿਰੁੱਧ ਡਰੋਨ ਅਤੇ ਮਿਜ਼ਾਈਲ ਹਮਲੇ ਵੀ ਕਰ ਰਿਹਾ ਹੈ। ਇਹ ਮੋਰਚਾ ਇਜ਼ਰਾਈਲ ਦੀਆਂ ਦੱਖਣੀ ਸਰਹੱਦਾਂ ਅਤੇ ਸਮੁੰਦਰੀ ਮਾਰਗਾਂ ਲਈ ਵਧ ਰਹੇ ਖ਼ਤਰੇ ਨੂੰ ਦਰਸਾਉਂਦਾ ਹੈ।

ਇਰਾਕ ਅਤੇ ਸੀਰੀਆ ਵਿੱਚ ਈਰਾਨ ਸਮਰਥਿਤ ਮਿਲੀਸ਼ੀਆ:

ਇਹ ਮਿਲੀਸ਼ੀਆ ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕਰਕੇ ਇਜ਼ਰਾਈਲੀ ਟਿਕਾਣਿਆਂ 'ਤੇ ਰੁਕ-ਰੁਕ ਕੇ ਹਮਲੇ ਕਰ ਰਹੀਆਂ ਹਨ। ਇਜ਼ਰਾਈਲ ਨੇ ਸੀਰੀਆ ਵਿੱਚ ਮਿਲੀਸ਼ੀਆ ਦੇ ਟਿਕਾਣਿਆਂ ਅਤੇ ਹਥਿਆਰਾਂ ਦੇ ਡਿਪੂਆਂ ਨੂੰ ਨਿਸ਼ਾਨਾ ਬਣਾ ਕੇ ਜਵਾਬੀ ਕਾਰਵਾਈ ਕੀਤੀ ਹੈ, ਜਿਸ ਨਾਲ ਸੰਘਰਸ਼ ਨੂੰ ਹੋਰ ਵਧਾ ਦਿੱਤਾ ਗਿਆ ਹੈ।

ਵੈਸਟ ਬੈਂਕ ਵਿਚ ਈਰਾਨ ਦੀ ਸ਼ਮੂਲੀਅਤ:

ਈਰਾਨ 'ਤੇ ਪੱਛਮੀ ਬੈਂਕ ਵਿਚ ਫਲਸਤੀਨੀ ਸਮੂਹਾਂ ਨੂੰ ਹਥਿਆਰ ਮੁਹੱਈਆ ਕਰਾਉਣ ਦਾ ਦੋਸ਼ ਹੈ, ਜਿਸ ਨਾਲ ਸਥਿਤੀ ਹੋਰ ਵੀ ਅਸਥਿਰ ਹੋ ਗਈ ਹੈ। ਇਜ਼ਰਾਈਲੀ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਨਿਯਮਤ ਝੜਪਾਂ ਦੇ ਨਾਲ ਪੱਛਮੀ ਕੰਢੇ ਵਿੱਚ ਤਣਾਅ ਵਧ ਗਿਆ ਹੈ।

ਯਹੂਦੀਆ ਅਤੇ ਸਾਮਰੀਆ:

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ਨੀਵਾਰ ਨੂੰ ਹੀ ਕਿਹਾ ਸੀ ਕਿ ਅਸੀਂ ਯਹੂਦੀਆ ਅਤੇ ਸਾਮਰੀਆ ਵਿਚ ਅੱਤਵਾਦੀਆਂ ਖ਼ਿਲਾਫ਼ ਲੜ ਰਹੇ ਹਾਂ, ਜੋ ਸਾਡੇ ਸ਼ਹਿਰਾਂ ਦੇ ਵਿਚਕਾਰ ਨਾਗਰਿਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।

ਈਰਾਨ ਦੀ ਸਿੱਧੀ ਫੌਜੀ ਸ਼ਮੂਲੀਅਤ:

ਬੈਲਿਸਟਿਕ ਮਿਜ਼ਾਈਲ ਹਮਲਾ ਈਰਾਨ ਦੀ ਸਿੱਧੀ ਸ਼ਮੂਲੀਅਤ ਨੂੰ ਦਰਸਾਉਂਦਾ ਹੈ, ਜਿਸ ਨੇ ਪਿਛਲੇ ਹਫ਼ਤੇ ਇਜ਼ਰਾਈਲ 'ਤੇ 200 ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਸਿੱਧੀਆਂ ਦਾਗੀਆਂ ਸਨ। ਹਾਲਾਂਕਿ, ਇਜ਼ਰਾਈਲ ਨੇ ਜ਼ਿਆਦਾਤਰ ਮਿਜ਼ਾਈਲਾਂ ਨੂੰ ਸਫਲਤਾਪੂਰਵਕ ਰੋਕ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News