ਟਾਈਮਜ਼ ਸਕੁਏਅਰ ’ਚ ਗੋਲੀ ਲੱਗਣ ਨਾਲ ਇਕ ਵਿਅਕਤੀ ਜ਼ਖ਼ਮੀ
Tuesday, Jun 29, 2021 - 10:43 AM (IST)
ਨਿਊਯਾਰਕ (ਭਾਸ਼ਾ/ਗੁਰਿੰਦਰਜੀਤ ਨੀਟਾ ਮਾਛੀਕੇ) : ਆਪਣੇ ਪਰਿਵਾਰ ਨਾਲ ਕਥਿਤ ਤੌਰ ’ਤੇ ਨਿਊਯਾਰਕ ਘੁੰਮਣ ਗਿਆ ਇਕ ਵਿਅਕਤੀ ਟਾਈਮਜ਼ ਸਕੁਏਅਰ ’ਤੇ ਗੋਲੀ ਲੱਗਣ ਦੀ ਵਜ੍ਹਾ ਨਾਲ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ਾਇਦ ਦੁਕਾਨਦਾਰਾਂ ਵਿਚਾਲੇ ਵਿਵਾਦ ਦੌਰਾਨ ਚੱਲੀ ਗੋਲੀ ਨਾਲ ਜ਼ਖ਼ਮੀ ਹੋਇਆ। ਮੀਡੀਆ ਵਿਚ ਆਈ ਖ਼ਬਰ ਮੁਤਾਬਕ 21 ਸਾਲਾ ਪੀੜਤ ਦੀ ਪਿੱਠ ਵਿਚ ਐਤਵਾਰ ਸ਼ਾਮ ਕਰੀਬ 5:15 ਵਜੇ ਗੋਲੀ ਲੱਗੀ। ਉਸ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਗੋਲੀਬਾਰੀ ਵਿਚ ਕਿਸ ਹੋਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਤੁਰੰਤ ਕਿਸੇ ਦੀ ਗ੍ਰਿਫ਼ਤਾਰੀ ਦੀ ਖ਼ਬਰ ਨਹੀਂ ਹੈ। ਗੋਲੀਬਾਰੀ ਦੇ ਨਿਗਰਾਨੀ ਵੀਡੀਓ ਵਿਚ ਇਕ ਵਿਅਕਤੀ ਦੇ ਹੱਥ ਵਿਚ ਬੰਦੂਕ ਨਜ਼ਰ ਆ ਰਹੀ ਹੈ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਬਣਾਈ ਗਈ ਵੀਡੀਓ ਵਿਚ ਪੀੜਤ ਨੂੰ ਸਟ੍ਰੈਚਰ ’ਤੇ ਲਿਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਐਤਵਾਰ ਨੂੰ ਹੋਈ ਗੋਲੀਬਾਰੀ ਉਸ ਜਗ੍ਹਾ ਦੇ ਕਰੀਬ ਹੋਈ, ਜਿੱਥੇ 8 ਮਈ ਨੂੰ ਹੋਈ ਗੋਲੀਬਾਰੀ ਵਿਚ 2 ਔਰਤਾਂ ਅਤੇ 4 ਸਾਲ ਦੀ ਇਕ ਬੱਚੀ ਜ਼ਖਮੀ ਹੋ ਗਏ ਸਨ। ਇਸ ਘਟਨਾ ਦੇ ਬਾਅਦ ਫਲੋਰਿਡਾ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ’ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ।