ਕੋਰੋਨਾ ਕਾਰਨ ਹਰ 15 ਸਕਿੰਟ ''ਚ ਇਕ ਵਿਅਕਤੀ ਦੀ ਮੌਤ, ਅੰਕੜਾ 7 ਲੱਖ ਤੋਂ ਪਾਰ

Thursday, Aug 06, 2020 - 12:09 AM (IST)

ਵਾਸ਼ਿੰਗਟਨ - ਦੁਨੀਆ ਭਰ ਵਿਚ ਕੋਰੋਨਾ ਮਹਾਮਾਰੀ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 7 ਲੱਖ ਤੋਂ ਜ਼ਿਆਦਾ ਹੋ ਗਈ ਹੈ। ਅਮਰੀਕਾ, ਬ੍ਰਾਜ਼ੀਲ, ਭਾਰਤ ਅਤੇ ਮੈਕਸੀਕੋ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਇਹ ਮਹਾਮਾਰੀ ਹਰ ਇਕ ਦਿਨ ਤਕਰੀਬਨ 5900 ਲੋਕਾਂ ਦੀ ਜਾਨ ਲੈ ਰਹੀ ਹੈ। ਮਤਲਬ ਹਰ ਇਕ ਘੰਟੇ 247 ਲੋਕ ਅਤੇ ਹਰੇਕ 15 ਸਕਿੰਟਾਂ ਵਿਚ 1 ਵਿਅਕਤੀ ਦੀ ਮੌਤ ਹੋ ਰਹੀ ਹੈ। ਅਮਰੀਕਾ ਅਤੇ ਲਾਤਿਨ ਅਮਰੀਕਾ ਵਿਚ ਕੋਰੋਨਾ ਮਹਾਮਾਰੀ ਨੇ ਭਿਆਨਕ ਰੂਪ ਲੈ ਰੱਖਿਆ ਹੈ ਜਿਥੇ ਇਸ ਬੀਮਾਰੀ 'ਤੇ ਰੋਕਥਾਮ ਦੀਆਂ ਕੋਸ਼ਿਸ਼ਾਂ ਤਾਂ ਜਾਰੀ ਹਨ ਪਰ ਹਾਲਾਤ ਸੰਭਲਦੇ ਹੋਏ ਨਹੀਂ ਦਿੱਖ ਰਹੇ ਹਨ।

ਲਾਤਿਨ ਅਮਰੀਕਾ ਵਿਚ ਸ਼ੁਰੂ ਵਿਚ ਮਹਾਮਾਰੀ ਦਾ ਪ੍ਰਕੋਪ ਉਨਾ ਗੰਭੀਰ ਨਹੀਂ ਸੀ ਪਰ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਅਤੇ ਗਰੀਬੀ ਕਾਰਨ ਇਥੇ ਪ੍ਰਸ਼ਾਸਨ ਰੋਕਥਾਮ ਕਰਨ ਵਿਚ ਲਾਚਾਰ ਦਿੱਖ ਰਿਹਾ ਹੈ। ਯੂਨਾਈਟਡ ਨੈਸ਼ੰਸ ਹਿਊਮਨ ਸੈਟਲਮੈਂਟ ਮੁਤਾਬਕ, ਲਾਤਿਨ ਅਮਰੀਕਾ ਵਿਚ 64 ਕਰੋੜ ਦੀ ਆਬਾਦੀ ਰਹਿੰਦੀ ਹੈ, ਜਿਨ੍ਹਾਂ ਵਿਚ 10 ਕਰੋੜ ਤੋਂ ਜ਼ਿਆਦਾ ਲੋਕ ਝੁੱਗੀਆਂ ਵਿਚ ਰਹਿੰਦੇ ਹਨ। ਇਨ੍ਹਾਂ ਵਿਚੋਂ ਬਹੁਤੇ ਲੋਕ ਅਸੰਗਠਿਤ ਖੇਤਰਾਂ ਵਿਚ ਕੰਮ ਕਰਦੇ ਹਨ ਅਤੇ ਸਮਾਜਿਕ ਸੁਰੱਖਿਆ ਦੇ ਨਾਂ 'ਤੇ ਉਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੈ। ਮਹਾਮਾਰੀ ਦੌਰਾਨ ਵੀ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕਾਂ ਨੂੰ ਕੰਮ ਕਰਦੇ ਰਹਿਣਾ ਪਿਆ ਹੈ। ਦੂਜੇ ਪਾਸੇ 33 ਕਰੋੜ ਦੀ ਆਬਾਦੀ ਵਾਲੇ ਅਮਰੀਕਾ ਨੂੰ ਵੀ ਕੋਰੋਨਾ ਸੰਕਟ ਤੋਂ ਬੁਰੀ ਤਰ੍ਹਾਂ ਨਾਲ ਨਜਿੱਠਣਾ ਪੈ ਰਿਹਾ ਹੈ। ਅਮਰੀਕਾ ਦੇ ਸੀਨੀਅਰ ਮਹਾਮਾਰੀ ਰੋਗ ਮਾਹਿਰ ਡਾਕਟਰ ਐਂਥਨੀ ਫਾਓਚੀ ਨੇ ਸੋਮਵਾਰ ਨੂੰ ਕਿਹਾ ਕਿ ਜਿਨ੍ਹਾਂ ਸੂਬਿਆਂ ਵਿਚ ਕੋਰੋਨਾ ਲਾਗ ਦੇ ਮਾਮਲੇ ਵਧ ਰਹੇ ਹਨ, ਉਨ੍ਹਾਂ ਨੂੰ ਦੁਬਾਰਾ ਤੋਂ ਲਾਕਡਾਊਨ ਪਾਬੰਦੀਆਂ ਲਾਗੂ ਕਰਨ ਦੇ ਬਾਰੇ ਵਿਚ ਸੋਚਣਾ ਚਾਹੀਦਾ ਹੈ।


Khushdeep Jassi

Content Editor

Related News