ਪਾਕਿਸਤਾਨ ''ਚ ਕੌਮੀ ਝੰਡਾ ਵੇਚਣ ਵਾਲੀ ਦੁਕਾਨ ''ਤੇ ਹਮਲਾ, ਇਕ ਦੀ ਮੌਤ
Tuesday, Aug 10, 2021 - 02:03 PM (IST)
ਕਵੇਟਾ (ਭਾਸ਼ਾ): ਪਾਕਿਸਤਾਨ ਦੇ ਅਸ਼ਾਂਤ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ਵਿਚ ਸ਼ੱਕੀ ਵੱਖਵਾਦੀਆਂ ਨੇ ਕੌਮੀ ਝੰਡਾ ਵੇਚਣ ਵਾਲੀ ਇਕ ਦੁਕਾਨ 'ਤੇ ਗ੍ਰੇਨੇਡ ਸੁੱਟਿਆ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਵਿਅਕਤੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਸੂਬੇ ਦੇ ਸਿਹਤ ਵਿਭਾਗ ਦੇ ਇਕ ਬੁਲਾਰੇ ਵਸੀਮ ਬੇਗ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਸੂਬਾਈ ਰਾਜਧਾਨੀ ਕਵੇਟਾ ਵਿਚ ਹੋਏ ਹਮਲੇ ਦੀ ਜ਼ਿੰਮੇਵਾਰੀ ਹੁਣ ਤੱਕ ਕਿਸੇ ਸਮੂਹ ਨੇ ਨਹੀਂ ਲਈ ਹੈ। ਵੱਖਵਾਦੀ ਸਮੂਹ ਬਲੂਚ ਲਿਬਰੇਸ਼ਨ ਆਰਮੀ ਪਹਿਲਾਂ ਵੀ ਇਸ ਤਰ੍ਹਾਂ ਦੇ ਹਮਲਿਆਂ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ। ਇਸ ਸਾਲ ਉਸ ਨੇ ਲੋਕਾਂ ਨੂੰ 14 ਅਗਸਤ ਨੂੰ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਨਾ ਮਨਾਉਣ ਦੀ ਚਿਤਾਵਨੀ ਦਿੱਤੀ ਸੀ।
ਪੜ੍ਹੋ ਇਹ ਅਹਿਮ ਖਬਰ -ਅਮਰੀਕੀ ਰੱਖਿਆ ਮੰਤਰੀ ਨੇ ਪਾਕਿ ਸੈਨਾ ਪ੍ਰਮੁੱਖ ਨਾਲ ਅਫਗਾਨਿਸਤਾਨ ਦੇ ਹਾਲਾਤ 'ਤੇ ਕੀਤੀ ਚਰਚਾ
ਭਾਰਤ ਦੀ ਵੰਡ ਮਗਰੋਂ 14 ਅਗਸਤ ਨੂੰ ਪਾਕਿਸਤਾਨ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਸੀ। ਇਸ ਹਫ਼ਤੇ ਦੀ ਸ਼ੁਰੂਆਤ ਵਿਚ ਇਸੇ ਵੱਖਵਾਦੀ ਸਮੂਹ ਨੇ ਕਵੇਟਾ ਵਿਚ ਸੜਕ ਕਿਨਾਰੇ ਬੰਬ ਧਮਾਕੇ ਵਿਚ ਦੋ ਪੁਲਸ ਕਰਮੀਆਂ ਦੀ ਮੌਤ ਦੀ ਜ਼ਿੰਮੇਵਾਰੀ ਲਈ ਸੀ। ਇਹ ਮਾਮਲੇ ਦਰਸਾਉਂਦੇ ਹਨ ਕਿ ਛੁੱਟੀਆਂ ਤੋਂ ਪਹਿਲਾਂ ਹਿੰਸਾ ਦੇ ਮਾਮਲੇ ਵਧੇ ਹਨ। ਸੂਬਾਈ ਅੱਤਵਾਦ ਰੋਕੂ ਵਿਭਾਗ ਨੇ ਦੱਸਿਆ ਕਿ ਮੰਗਲਵਾਰ ਨੂੰ ਕਵੇਟਾ ਵਿਚ ਸੁਰੱਖਿਆ ਬਲਾਂ ਨੇ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਪੰਜ ਸ਼ੱਕੀ ਵੱਖਵਾਦੀਆਂ ਨੂੰ ਮਾਰ ਦਿੱਤਾ।