ਸਿਗਰਟਨੋਸ਼ੀ ਕਾਰਨ ਕਾਲੀਆਂ ਪਈਆਂ ਔਰਤ ਦੀਆਂ ਉਂਗਲਾਂ, ਇਕ-ਇਕ ਕਰ ਕੇ ਗੁਆ ਰਹੀ
Thursday, Mar 17, 2022 - 05:22 PM (IST)
ਕੈਪਟਾਊਨ (ਬਿਊਰੋ): ਸਿਗਰਟ ਪੀਣ ਕਾਰਨ ਇਕ ਔਰਤ ਦੀਆਂ ਉਂਗਲਾਂ ਖਰਾਬ ਹੋ ਰਹੀਆਂ ਹਨ। ਮਾੜੀ ਗੱਲ ਇਹ ਹੈ ਕਿ ਇਸ ਦਾ ਕੋਈ ਇਲਾਜ ਵੀ ਨਹੀਂ ਹੈ। ਪਹਿਲਾਂ ਤਾਂ ਔਰਤ ਦੀਆਂ ਉਂਗਲਾਂ ਦਾ ਰੰਗ ਜਾਮਨੀ ਤੋਂ ਕਾਲਾ ਹੋ ਗਿਆ ਅਤੇ ਫਿਰ ਉਂਗਲਾਂ ਗਲਣ ਲੱਗੀਆਂ। ਇਸ 48 ਸਾਲਾ ਔਰਤ ਦਾ ਨਾਮ ਮੇਲਿੰਡਾ ਜਾਨਸੇਨ ਵੈਨ ਵੁਰੇਨ ਹੈ। ਉਹ ਦੱਖਣੀ ਅਫਰੀਕਾ ਦੀ ਰਹਿਣ ਵਾਲੀ ਹੈ। ਔਰਤ ਨੇ ਦੱਸਿਆ ਕਿ ਸਾਲ 2021 ਦੇ ਅਕਤੂਬਰ ਤੋਂ ਹੀ ਉਸ ਦੇ ਹੱਥਾਂ ਵਿਚ ਤਬਦੀਲੀ ਆਉਣ ਲੱਗੀ ਸੀ। ਪਹਿਲਾਂ ਤਾਂ ਉਸ ਨੂੰ ਹੱਥਾਂ ਦੇ ਤਾਪਮਾਨ ਵਿਚ ਤਬਦੀਲੀ ਨੂੰ ਸਹਿਣ ਵਿਚ ਮੁਸ਼ਕਲ ਹੋਣ ਲੱਗੀ ਅਤੇ ਫਿਰ ਉਹ ਨਰਮ ਪੈਣ ਲੱਗੇ। ਜਦੋਂ ਮੇਲਿੰਡਾ ਦੀਆਂ ਉਂਗਲਾਂ ਕਾਲੀਆਂ ਪੈ ਗਈਆਂ ਉਦੋਂ ਡਾਕਟਰ ਨੇ ਜਾਂਚ ਕੀਤੀ ਅਤੇ ਪਾਇਆ ਕਿ ਉਸ ਦੀਆਂ ਉਂਗਲਾਂ ਵਿਚ ਇਹ ਤਬਦੀਲੀ ਸਿਗਰਟਨੋਸ਼ੀ ਕਾਰਨ ਹੋ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਹ ਬਿਮਾਰੀ ਬਹੁਤ ਹੀ ਦੁਰਲੱਭ ਹੈ, ਜਿਸ ਵਿਚ ਛੋਟੇ ਅਤੇ ਮੱਧਮ ਖੂਨ ਦੀਆਂ ਨਾੜੀਆਂ ਵਿਚ ਖੂਨ ਦਾ ਥੱਕਾ ਬਣਨ ਲੱਗਦਾ ਹੈ ਅਤੇ ਫਿਰ ਉਹ ਸੁੱਜ ਜਾਂਦੀਆਂ ਹਨ।
13 ਸਾਲ ਦੀ ਉਮਰ ਤੋਂ ਪੀ ਰਹੀ ਸਿਗਰਟ
ਮੇਲਿੰਡਾ ਨੂੰ ਜਦੋਂ ਪਤਾ ਚੱਲਿਆ ਕਿ ਇਹ ਸਭ ਸਿਗਰਟਨੋਸ਼ੀ ਕਾਰਨ ਹੋ ਰਿਹਾ ਹੈ ਤਾਂ ਉਸ ਨੇ ਸਿਗਰਟ ਪੀਣੀ ਛੱਡ ਦਿੱਤੀ। ਉਸ ਨੇ ਦੱਸਿਆ ਕਿ ਉਹ 13 ਸਾਲ ਦੀ ਉਮਰ ਤੋਂ ਹੀ ਸਿਗਰਟਨੋਸ਼ੀ ਕਰ ਰਹੀ ਸੀ।ਉਹ ਪੂਰੇ ਦਿਨ ਵਿਚ 15 ਸਿਗਰਟ ਪੀ ਜਾਂਦੀ ਸੀ। ਸਿਗਰਟਨੋਸ਼ੀ ਛੱਡਣ ਤੋਂ ਬਾਅਦ ਵੀ ਉਹ ਉਂਗਲਾਂ ਗੁਆਉਂਦੀ ਜਾ ਰਹੀ ਹੈ। ਉਹ ਸੱਜੇ ਹੱਥ ਦੀਆਂ ਤਿੰਨ ਉਂਗਲਾਂ ਦੇ ਉਪਰੀ ਹਿੱਸੇ ਅਤੇ ਖੱਬੇ ਹੱਥ ਦੀ ਇਕ ਉਂਗਲ ਗੁਆ ਚੁੱਕੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਬੰਦੀਆਂ ਤੋਂ ਖ਼ਫਾ ਰੂਸ ਦਾ ਵੱਡਾ ਕਦਮ, ਵਿਦੇਸ਼ੀ ਮਾਲਕੀ ਵਾਲੇ ਸੈਂਕੜੇ ਜਹਾਜ਼ ਕਰੇਗਾ ਜ਼ਬਤ
ਮਾਮੂਲੀ ਕੰਮ ਵੀ ਨਹੀਂ ਕਰ ਪਾ ਰਹੀ ਮੇਲਿੰਡਾ
ਮੇਲਿੰਡਾ ਨੇ ਦੱਸਿਆ ਕਿ ਉਹ ਆਪਣੇ ਹੱਥਾਂ ਦੀ ਵਰਤੋਂ ਨਹੀਂ ਕਰ ਪਾ ਰਹੀ ਹੈ। ਉਹ ਖਾਣਾ ਨਹੀਂ ਬਣਾ ਪਾ ਰਹੀ, ਸਾਫ-ਸਫਾਈ, ਵਾਲਾਂ ਵਿਚ ਕੰਘੀ ਕਰਨਾ, ਨਹਾਉਣਾ ਆਦਿ ਕੋਈ ਕੰਮ ਨਹੀਂ ਕਰ ਪਾ ਰਹੀ। ਉਸ ਤੋਂ ਹੁਣ ਦਰਦ ਸਹਿਨ ਨਹੀਂ ਹੋ ਰਿਹਾ। ਮੇਲਿੰਡਾ ਦੱਸਦੀ ਹੈ ਕਿ ਉਹ ਨਿੱਜੀ ਸਹਾਇਕ ਅਤੇ ਇਕ ਕਵਾਲੀਫਾਈਡ ਨੇਲ ਟੈਕਨੀਸ਼ੀਅਨ ਹੈ। ਉਹ ਆਪਣੇ ਹੱਥ ਦੇ ਕੰਮ ਲਈ ਜਾਣੀ ਜਾਂਦੀ ਸੀ ਪਰ ਹੁਣ ਉਹ ਅਜਿਹਾ ਨਹੀਂ ਕਰ ਪਾ ਰਹੀ। ਉਹ ਪਿਛਲੇ ਅਕਤੂਬਰ ਤੋਂ ਲਿਖ ਵੀ ਨਹੀਂ ਪਾ ਰਹੀ।
ਡਾਕਟਰਾਂ ਨੇ ਕਿਹਾ ਕਿ ਉਹ ਮੇਲਿੰਡਾ ਨੂੰ ਰਾਹਤ ਦੇਣ ਲਈ ਕੁਝ ਨਹੀਂ ਕਰ ਸਕਦੇ। ਇਸ ਲਈ ਉਸ ਨੂੰ ਇਕ-ਇਕ ਕਰ ਕੇ ਉਂਗਲਾਂ ਗੁਆਉਣ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਮੇਲਿੰਡਾ ਨੇ ਅੱਗੇ ਕਿਹਾ ਕਿ ਜਿੱਥੇ ਤੱਕ ਮੈਂ ਜਾਣਦੀ ਹਾਂ ਇਸ ਦਾ ਕੋਈ ਇਲਾਜ ਨਹੀਂ ਹੈ। ਡਾਕਟਰਾਂ ਨੇ ਉਂਗਲਾਂ ਦੇ ਖੁਦ-ਬ-ਖੁਦ ਝੜਨ ਦਾ ਢੰਗ ਅਪਨਾਇਆ ਹੈ। ਮੇਲਿੰਡਾ ਨੇ ਕਿਹਾ ਕਿ ਇਹ ਮੇਰੇ ਜੀਵਨ ਦੀ ਸਭ ਤੋਂ ਚੈਲੇਜਿੰਗ ਸਟੇਜ ਹੈ।ਇਸ ਬਿਮਾਰੀ ਨਾਲ ਮੁਕਾਬਲਾ ਕਰਦੇ ਹੋਏ ਇੱਥੇ ਤੱਕ ਪਹੁੰਚਣ ਵਿਚ ਮੈਂ ਹੰਝੂਆਂ ਅਤੇ ਬਹੁਤ ਹਿੰਮਤ ਨਾਲ ਕੰਮ ਲਿਆ ਹੈ। ਮੇਲਿੰਡਾ ਹੁਣ ਲੋਕਾਂ ਨੂੰ ਸਿਗਰਟ ਨਾ ਪੀਣ ਦੀ ਸਲਾਹ ਦੇ ਰਹੀ ਹੈ ਤਾਂ ਜੋ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ। ਉਸ ਨੇ ਕਿਹਾ ਕਿ ਸਿਗਰਟ ਛੱਡਣ ਵਿਚ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।