ਇਟਲੀ ‘ਚ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਸਿੰਘਾਂ ਨੇ ਗੱਤਕਾ ਕਲਾ ਦੇ ਹੈਰਤਅੰਗੇਜ ਜੌਹਰਾਂ ਨਾਲ ਕਰਾਈ ਧੰਨ-ਧੰਨ

Tuesday, Mar 29, 2022 - 01:09 PM (IST)

ਇਟਲੀ ‘ਚ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਸਿੰਘਾਂ ਨੇ ਗੱਤਕਾ ਕਲਾ ਦੇ ਹੈਰਤਅੰਗੇਜ ਜੌਹਰਾਂ ਨਾਲ ਕਰਾਈ ਧੰਨ-ਧੰਨ

ਰੋਮ (ਕੈਂਥ) ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਜਿੱਥੇ ਪੰਜਾਬ ਦੀ ਧਰਤੀ 'ਤੇ ਬੜੇ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ, ਉੱਥੇ ਹੀ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੀ ਹੋਲੇ ਮਹੱਲੇ ਨੂੰ ਬੜੇ ਹੀ ਧੂਮ ਧਾਮ ਤਰੀਕੇ ਨਾਲ ਮਨਾਉਂਦੀਆਂ ਹਨ।ਇਟਲੀ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਹੋਲਾ ਮਹੱਲਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ। ਹੋਲੇ ਮਹੱਲੇ ਦੇ ਸਮਾਗਮ ਨੂੰ  ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ।ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਅਮ੍ਰਿੰਤ ਸੰਚਾਰ ਵੀ ਕਰਵਾਇਆ ਗਿਆ, ਜਿਸ ਵਿੱਚ ਕਾਫ਼ੀ ਸੰਗਤਾਂ ਖੰਡੇ ਬਾਟੇ ਦੀ ਪਹੁਲ ਅੰਮ੍ਰਿਤ ਛਕ ਗੁਰੂ ਦੇ ਲੜ ਲੱਗੀਆਂ।

ਸ਼ਾਮ ਨੂੰ ਗੁਰੂਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਸਜਾਇਆ ਗਿਆ, ਇਸ ਦੋ ਰੋਜਾ ਧਾਰਮਿਕ ਦੀਵਾਨਾਂ ਵਿੱਚ ਵੱਖ-ਵੱਖ ਕੀਰਤਨੀ ਜੱਥੇ ਅਤੇ ਢਾਡੀ ਜੱਥਿਆਂ ਨੇ ਸੰਗਤਾਂ ਨੂੰ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ ਅਤੇ ਇਸ ਮੌਕੇ ਵਿਸ਼ੇਸ਼ ਤੌਰ 'ਤੇ ਇੰਡੀਆਂ ਤੋਂ ਆਏ ਕਥਾਵਾਚਕ ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲਿਆ ਨੇ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਦਿਆਂ ਸੰਗਤ ਨੂੰ ਪ੍ਰਮਾਤਮਾ ਦੀ ਭਜਨ ਬੰਦਗੀ ਕਰਨ ਅਤੇ ਬਾਣੀ ਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ।  

PunjabKesari

ਇਸ ਸਮਾਗਮ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਦਲ ਪੰਥ ਦੇ ਜੱਥੇਦਾਰ ਵੀ ਪਹੁੰਚੇ। ਉਪਰੰਤ ਗੁਰਦੁਆਰਾ ਸਾਹਿਬ ਦੇ ਨੇੜਲੇ ਮੈਦਾਨ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਮਹੱਲਾ ਕੱਢਿਆ ਗਿਆ, ਜਿਸ ਵਿਚ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਦੁਆਰਾ ਗੱਤਕਾ, ਘੋੜ ਸਵਾਰੀ, ਤੀਰ ਅੰਦਾਜੀ ਅਤੇ ਹੋਰ ਖ਼ਾਲਸਾਈ ਖੇਡਾਂ ਦੇ ਹੈਰਤਅੰਗੇਜ ਜੌਹਰ ਦਿਖਾਏ ਗਏ। ਗੁਰਦੁਆਰਾ ਸਾਹਿਬ ਦੀ ਗਰਾਊਂਡ ਵਿਚ ਹੋਏ ਹੋਲੇ ਮਹੱਲੇ ਦੇ ਸਮਾਗਮ ਵਿੱਚ ਸਿੱਖ ਸੰਗਤਾਂ ਨੇ ਬਹੁਤ ਉਤਸ਼ਾਹ ਤੇ ਸ਼ਰਧਾ ਨਾਲ ਹਾਜ਼ਰੀ ਭਰੀ।ਇਟਲੀ ਦੀ ਧਰਤੀ 'ਤੇ ਹੋਏ ਇਸ ਵੱਡੇ ਇਕੱਠ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਹੋਲਾ ਮਹੱਲਾ ਵਿਦੇਸ਼ ਦੀ ਧਰਤੀ 'ਤੇ ਨਾ ਹੋ ਕੇ ਪੰਜਾਬ ਦੀ ਧਰਤੀ 'ਤੇ ਹੋ ਰਿਹਾ ਹੈ, ਜੈਕਾਰਿਆਂ ਦੀ ਗੂੰਜ ਵਾਰ ਵਾਰ ਸੁਣਾਈ ਦੇ ਰਹੀ ਸੀ ਅਤੇ ਖ਼ਾਲਸਾਈ ਝੰਡੇ ਝੁਲਾਏ ਜਾ ਰਹੇ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਅਹਿਮ ਖ਼ਬਰ, ਅਮਰੀਕਾ ਨੇ ਭਾਰਤ ਲਈ ਕੋਵਿਡ-19 ਯਾਤਰਾ ਨਿਯਮਾਂ 'ਚ ਦਿੱਤੀ ਢਿੱਲ

ਇਸ ਮੌਕੇ ਇਟਾਲੀਅਨ ਮੂਲ ਦੇ ਲੋਕ ਵੀ ਹੋਲਾ ਮਹੱਲਾ ਦੇਖਣ ਪਹੁੰਚੇ। ਹੋਲੇ ਮਹੱਲੇ ਤੇ ਹੋਏ ਇਸ ਇਕੱਠ ਨਾਲ ਇਟਲੀ ਵਿੱਚ ਸਿੱਖੀ ਦਾ ਬੂਟਾ ਲੰਬੇ ਸਮੇਂ ਤੱਕ ਪ੍ਰਫੁੱਲਿਤ ਹੁੰਦਾ ਨਜ਼ਰ ਆਇਆ। ਹੋਲਾ ਮਹੱਲਾ ਸਿੱਖ ਸੰਗਤਾਂ ਲਈ ਅਮਿੱਟ ਯਾਦ ਛੱਡਦਾ ਹੋਇਆ ਸੰਪੰਨ ਹੋਇਆ। ਇਸ ਮੌਕੇ ਗੁਰੂ ਦੇ ਲੰਗਰ ਅਟੁੱਟ ਵਰਤਾਏ ਗਏ। ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਯੂਰਪ ਭਰ ਤੋਂ ਆਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਹੋਲੇ ਮਹੱਲੇ ਦੇ ਸਮਾਗਮ ਮੌਕੇ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਯੂਰਪ ਭਰ ਤੋਂ ਆਈਆਂ ਸ਼ਖ਼ਸੀਅਤਾਂ ਦਾ ਉਚੇਚਾ ਧੰਨਵਾਦ ਕੀਤਾ ਗਿਆ ਅਤੇ ਗੁਰੂ ਦੀ ਬਖਸ਼ਿਸ਼ ਸਿਰੋਪਾੳ ਨਾਲ ਸਨਮਾਨਿਤ ਵੀ ਕੀਤਾ।


author

Vandana

Content Editor

Related News