ਲੈਸਟਰ ''ਚ ਇਕ ਘਰ ਤੋਂ ਗੁਰੂ ਗ੍ਰੰਥ ਸਾਹਿਬ ਦੇ 6 ਸਰੂਪ ਮਿਲਣ ''ਤੇ ਸਿੱਖ ਸੰਗਤਾਂ ''ਚ ਭਾਰੀ ਰੋਸ

06/22/2017 4:56:39 AM

ਲੰਡਨ (ਰਾਜਵੀਰ ਸਮਰਾ)— ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਯੂ ਕੇ ਵਿੱਚ ਸਹੀ ਢੰਗ ਨਾਲ ਸੇਵਾ ਸੰਭਾਲ ਨੂੰ ਯਕੀਨੀ ਬਣਾਉਣ ਲਈ ਬਹੁਤ ਸਾਰਥਕ ਢੰਗ ਕਾਰਜ ਕਰ ਰਹੀ ਸਤਿਕਾਰ ਕਮੇਟੀ ਯੂ ਕੇ ਵਲੋਂ ਲੈਸਟਰ ਦੇ ਇੱਕ ਘਰ ਵਿੱਚੋਂ ਗੁਰੂ ਸਾਹਿਬ ਦੇ 6 ਪਵਿੱਤਰ ਸਰੂਪ ਬਰਾਮਦ ਕਰਕੇ ਸਤਿਕਾਰ ਸਹਿਤ ਸਥਾਨਕ ਗੁਰਦੁਆਰਾ ਸਾਹਿਬ ਪਹੁੰਚਾਏ ਗਏ। ਪਿਛਲੇ ਅਰਸੇ ਤੋਂ ਸਤਿਕਾਰ ਕਮੇਟੀ ਯੂ.ਕੇ ਦੇ ਨੌਜਵਾਨਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਗੁਰਦੁਆਰਿਆਂ ਅਤੇ ਉਨ੍ਹਾਂ ਗੁਰਸਿੱਖਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਗੁਰੂ ਸਾਹਿਬ ਦੇ ਸਰੂਪ ਪ੍ਰਕਾਸ਼ ਕੀਤੇ ਹੋਏ ਹਨ। ਇਸੇ ਲੜੀ ਤਹਿਤ ਜਦੋਂ ਲੈਸਟਰ ਦੇ ਇੱਕ ਘਰ ਵਿੱਚ ਗੁਰੂ ਸਾਹਿਬ ਦੇ ਸਰੂਪ ਮੌਜੂਦ ਹੋਣ ਅਤੇ ਇੱਥੇ ਹੋ ਰਹੀ ਮਨਮੱਤ ਦਾ ਪਤਾ ਲੱਗਾ ਤਾਂ ਕਈ ਘੰਟੇ ਦੀ ਜੱਦੋ ਜਹਿਦ ਮਗਰੋਂ ਜੋ ਤੱਥ ਸਾਹਮਣੇ ਆਏ ਹਨ ਉਹ ਬਹੁਤ ਹੀ ਹੈਰਾਨਕੁੰਨ ਅਤੇ ਰੋਸਮਈ ਹਨ। ਇਸ ਸਬੰਧੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੰਗਲ ਸਿੰਘ, ਗੁਰੂ ਨਾਨਕ ਦੇਵ ਜੀ ਗੁਰੂਘਰ ਦੇ ਪ੍ਰਧਾਨ ਅਜਮੇਰ ਸਿੰਘ ਬਸਰਾ, ਯੂਨਾਈਟਿਡ ਖ਼ਾਲਸਾ ਦਲ ਯੂ.ਕੇ ਦੇ ਜਨਰਲ ਸਕੱਤਰ ਭਾਈ ਲਵਸਿੰਦਰ ਸਿੰਘ ਡੱਲੇਵਾਲ, ਸਿੱਖ ਫੈਡਰੇਸ਼ਨ ਯੂ.ਕੇ ਦੇ ਆਗੂ ਭਾਈ ਕੁਲਦੀਪ ਸਿੰਘ ਚਹੇੜੂ ਅਤੇ ਭਾਈ ਰਜਿੰਦਰ ਸਿੰਘ ਚਿੱਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ, ਅਮਰੀਕ ਸਿੰਘ ਗਿੱਲ ਜਰਨਲ ਸੈਕੇਟਰੀ, ਮਹਿੰਦਰ ਸਿੰਘ ਸੰਘਾਂ ਵਲੋਂ ਸਖਤ ਨਿਖੇਧੀ ਕਰਦਿਆਂ ਸਤਿਕਾਰ ਕਮੇਟੀ ਦੇ ਸ਼ਲਾਘਾਯੋਗ ਕਾਰਜਾਂ ਦੀ ਡੱਟ ਕੇ ਹਿਮਾਇਤ ਕੀਤੀ ਗਈ ਅਤੇ ਸਮੂਹ ਸਿੱਖ ਸੰਗਤਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ। ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਕਾਰਜ ਗੁਰਦੁਆਰਾ ਸਾਹਿਬ ਕਰਵਾਏ ਜਾਣ ਤਾਂ ਕਿ ਧਰਮ ਦੇ ਇਹੋ ਜਿਹੇ ਵਪਾਰੀਆਂ ਨੂੰ ਨੱਥ ਪਾਈ ਜਾ ਸਕੇ। ਨਿਰੀਖਣ ਕਰਦੇ ਵਕਤ ਸਾਹਮਣੇ ਆਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਬਹੁਤ ਹੀ ਖਸਤਾ ਹਾਲਤ ਵਿੱਚ ਰੱਖਿਆ ਹੋਇਆ ਸੀ, ਸੱਚ ਖੰਡ ਵਿੱਚ ਥਾਂ-ਥਾਂ 'ਤੇ ਜਾਲੇ ਲੱਗੇ ਹੋਏ ਸਨ ਅਤੇ ਹਰ ਪਾਸੇ ਮੱਕੜੀਆਂ ਭੱਜਦੀਆਂ ਫਿਰਦੀਆਂ ਸਨ, ਗੁਰੂ ਸਾਹਿਬ ਦੀਆਂ ਫੋਟੋਆਂ ਤੋਂ ਇਲਾਵਾ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵੀ ਉੱਥੇ ਮੌਜੂਦ ਸਨ।


Related News